ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰ ਦੇ ਲਾਰਿਆਂ ਤੋਂ ਅੱਕੇ 849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ 25 ਮਈ ਤੋਂ ਗੁਪਤ ਐਕਸ਼ਨਾਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਰਿਹਾਇਸ਼ਾਂ ਅੱਗੇ ਸਿਲਸਲੇਵਾਰ ਆਤਮ ਦਾਹ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਅਤੇ ਸੁਬਾਈ ਆਗੂ ਜਗਦੀਪ ਸਿੰਘ ਸਿੱਧੂ ਮਾਨਸਾ ਨੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੀ ਇਹ ਹੀ ਮਰਜੀ ਹੈ ਕਿ ਮਰਨ ਤੋਂ ਬਾਅਦ ਹੀ ਮਰਨ ਵਾਲੇ ਬੇਰੁਜ਼ਗਾਰਾਂ ਦੇ ਪਰਿਵਾਰਾਂ ਲਈ ਸਟੇਜਾਂ ਤੋਂ ਨੌਕਰੀਆਂ ਦਾ ਐਲਾਨ ਕਰਨਾ ਹੈ ਤਾਂ ਹੁਣ ਬੇਰੁਜ਼ਗਾਰ ਪੀ.ਟੀ.ਆਈ. ਅਧਿਅਪਾਕਾਂ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਕੋਈ ਖੈਰਾਤ ਨਹੀਂ ਸਗੋਂ ਆਪਣਾ ਬਣਦਾ ਹੱਕ ਮੰਗ ਰਹੇ ਹਨ ਅਤੇ ਜੇਕਰ ਸਰਕਾਰ ਉਹਨਾਂ ਨੂੰ ਜਿਉਂਦੇ ਜੀਅ ਬਣਦੇ ਹੱਕ ਨਹੀਂ ਦੇਵੇਗੀ ਤਾਂ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਤਮ ਦਾਹ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨਾਲ ਮੁੱਖ ਮੰਤਰੀ ਵੱਲੋਂ ਪੈਨਲ ਮੀਟਿੰਗ ਕਰਕੇ 25 ਮਈ ਤੱਕ ਕੱਟ ਆਫ ਮੈਰਿਟ ਅਨੁਸਾਰ ਨਿਯੁੱਕਤੀ ਪੱਤਰ ਨਹੀਂ ਜਾਰੀ ਕੀਤੇ ਜਾਂਦੇ ਤਾਂ ਸਮੂਹ 849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਰਿਹਾਇਸ਼ਾਂ ਅੱਗੇ ਆਤਮਦਾਹ ਕਰਨ ਲਈ ਮਜ਼ਬੂਰ ਹੋਣਗੇ ਅਤੇ ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸੂਬਾ ਆਗੂਆਂ ਗੁਰਦੀਪ ਸਿੰਘ ਮੋਗਾ, ਸਿਕੰਦਰ ਸਿੰਘ ਜਲਾਲ ਅਤੇ ਸੰਜੀਵ ਕੁਮਾਰ ਸੰਗਰੂਰ ਨੇ ਕਿਹਾ ਕਿ ਸਰਕਾਰ ਵੱਲੋਂ ਜਾਣਬੁੱਝ ਕੇ ਉੱਚ ਯੋਗਤਾ ਪ੍ਰਾਪਤ 849 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਨੂੰ ਸਿਰੇ ਨਹੀਂ ਚਾੜ੍ਹਿਆ ਜਾ ਰਿਹਾ ਹੈ, ਜਿਸ ਕਾਰਨ ਸੈਕੜੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੀ.ਟੀ.ਆਈ. ਅਧਿਆਪਕਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ।
ਜਿਕਰਯੋਗ ਹੈ ਕਿ ਸਰਕਾਰ ਵੱਲੋਂ 2006 ਵਿੱਚ ਪੀ.ਟੀ.ਆਈ. ਅਧਿਆਪਕਾਂ ਦੀਆਂ 849 ਅਸਾਮੀਆਂ ਕੱਢੀਆਂ ਗਈਆਂ ਸਨ ਅਤੇ ਉਸ ਸਮੇਂ ਡੀ.ਪੀ.ਐਡ. ਅਤੇ ਐਮ.ਪੀ. ਐਡ ਉੱਚ ਯੋਗਤਾ ਵਾਲੇ ਉਮੀਦਵਾਰਾਂ ਨੂੰ ਇਹਨਾਂ ਅਸਾਮੀਆਂ ਲਈ ਨਾ ਵਿਚਾਰ ਕੇ ਸਿਰਫ ਸੀ.ਪੀ.ਐਡ. ਉਮੀਦਵਾਰਾਂ ਦੀ ਹੀ ਭਰਤੀ ਕੀਤੀ ਗਈ ਸੀ ਅਤੇ ਉੱਚ ਯੋਗਤਾ ਵਾਲੇ ਹਾਈ ਕੋਰਟ ਵਿੱਚ ਚਲੇ ਗਏ ਸਨ। ਹਾਈ ਕੋਰਟ ਵੱਲੋਂ ਉੁੱਚ ਯੋਗਤਾ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਫੈਸਲਾ ਦਿੱਤੇ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਭਰਤੀ ਨੂੰ ਅਜੇ ਤੱਕ ਨੇਪਰੇ ਨਹੀਂ ਚਾੜ੍ਹਿਆ ਗਿਆ।2006 ਵਿੱਚ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਬਹੁਤੇ ਉਮੀਦਵਾਰ ਹੁਣ ਸਰਕਾਰੀ ਨੌਕਰੀਆਂ ਲਈ ਨਿਰਧਾਰਿਤ ਉਮਰ ਸੀਮਾ ਲੰਘਾ ਚੁੱਕੇ ਹਨ ਅਤੇ ਐਮ.ਪੀ.ਐਡ., ਐਮ.ਫਿਲ ਅਤੇ ਪੀ.ਐਚ.ਡੀ. ਦੀਆਂ ਡਿਗਰੀਆਂ ਕਰਨ ਦੇ ਬਾਵਜੂਦ ਵੀ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹਨ।ਇਸ ਮੌਕੇ ਮਨਪ੍ਰੀਤ ਸਿੰਘ ਖੰਨਾ, ਸੁਖਪਾਲ ਸਿੰਘ ਛੀਨਾ, ਸੁਰਿੰਦਰਪਾਲ ਸ਼ਰਮਾ ਪਠਾਨਕੋਟ, ਸਰਬਦਿਆਲ ਤਰਨਤਾਰਨ, ਮੰਦਰ ਸਿੰਘ ਕੋਰਵਾਲਾ, ਹਰਵਿੰਦਰ ਸਿੰਘ ਸ਼ਾਹੀ ਲੁਧਿਆਣਾ, ਰਮੇਸ਼ ਕੁਮਾਰ ਫਾਜ਼ਿਲਕਾ, ਬਿੱਲਾ ਆਨੰਦਪੁਰ, ਨਵਜੀਤ ਸਿੰਘ ਗੁਰਦਾਸਪੁਰ, ਸਿੰਕਦਰ ਸਿੰਘ ਬੀਰੇਵਾਲਾ, ਗੁਰਦੀਪ ਸਿੰਘ ਬੁਰਜ ਹਰੀ, ਹਰਜੀਤ ਸਿੰਘ ਜੋਗਾ ਸਮੇਤ ਵੱਡੀ ਗਿਣਤੀ ਵਿੱਚ ਬੇਰੁਜਗਾਰ ਪੀ.ਟੀ.ਆਈ. ਅਧਿਆਪਕ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media