
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਨਛੱਤਰ ਸਿੰਘ ਔਲਖ ਦੀ ਅਗਵਾਈ ਵਿੱਚ ਪਿੰਡ ਜੱਸੀ ਪੌ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਹਲਕੇ ਦੇ ਇੰਚਾਰਜ ਡਾ. ਜਸਕਰਨ ਸਿੰਘ ਕੁਲਾਰ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾ ਲਈ ਖੇਤ ਦੀ ਮਿੱਟੀ ਪਾਣੀ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤ ਵਿੱਚ ਭੂਮੀ ਸਿਹਤ ਕਾਰਡ ਦੇ ਆਧਾਰ ‘ਤੇ ਖਾਦਾਂ ਦੀ ਵਰਤੋਂ ਕੀਤੀ ਜਾ ਸਕੇ ਅਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਕਰਕੇ ਖਰਚੇ ਨੂੰ ਘਟਾਇਆ ਜਾ ਸਕੇ। ਕਿਸਾਨਾਂ ਨੂੰ ਹਰੀ ਖਾਦ ਵਾਲੀਆਂ ਫ਼ਸਲਾਂ ਦੀ ਬਿਜ਼ਾਈ ਕਰਨ, ਰੂੜੀ ਖਾਦ ਦੀ ਵਰਤੋਂ ਕਰਕੇ ਅਤੇ ਫ਼ਸਲੀ ਚੱਕਰ ਅਪਣਾ ਕੇ ਖੇਤ ਨੂੰ ਸੁਧਾਰਨ ਦੀ ਲੋੜ ‘ਤੇ ਵਧੇਰੇ ਜ਼ੋਰ ਦਿੱਤਾ। ਝੋਨੇ ਦੀਆਂ ਸ਼ਿਫਾਰਿਸ਼ ਕਿਸਮਾਂ ਬੀਜਣ ਅਤੇ ਝੋਨੇ ਦੀ ਬਿਜ਼ਾਈ 15 ਜੂਨ ਤੋਂ ਪਹਿਲਾਂ ਕਰਨ ਦੀ ਪਾਬੰਦੀ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਝੋਨੇ ਦੀ ਸਿੱਧੀ ਬੀਜਾਈ ਕਰਨ ਲਈ ਕਿਹਾ। ਨਰਮੇ ਦੀ ਬਿਜਾਈ ਜਲਦ ਤੋਂ ਜਲਦ ਪੂਰੀ ਕਰਨ ਅਤੇ ਤੇਜ਼ ਗਰਮੀ ਕਾਰਨ ਝੁਲਸ ਰਹੇ ਨਰਮੇ ਨੂੰ ਹਲਕਾ ਪਾਣੀ ਦੇਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਭਾਰੀ ਮੀਂਹ ਤੋਂ ਬਾਅਦ ਪੱਤੇ ਮੁਰਝਾ ਕੇ ਮੱਚਦੇ ਹਨ ਤਾਂ ਤੁਰੰਤ ਕਲੋਰਾਈਡ ਦਾ 10 ਐਮ.ਜੀ. ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਬਚਾ ਹੋ ਸਕਦਾ। ਇਸ ਮੌਕੇ ਪਿੰਡ ਦੇ ਸਰਪੰਚ, ਪੰਚ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Punjab Post Daily Online Newspaper & Print Media