
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਅਰਬਨ ਹਾਟ ਵਿਖੇ ਚੱਲ ਰਹੇ ਅੰਮ੍ਰਿਤਸਰ ਹੈਰੀਟੇਜ ਮੇਲੇ ਦੌਰਾਨ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਭਰੂਣ ਹੱਤਿਆ ਖਿਲਾਫ਼ ਡਟਣ ਅਤੇ ਝਗੜੇ ਮੁਕਾ ਕੇ ਪਿਆਰ ਵਧਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਲੋਕ ਅਦਾਲਤਾਂ ਬਾਰੇ ਲੋਕਾਂ ਨੂੰ ਜਾਗਰੂਕਤ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਤੀਸ਼ ਕੁਮਾਰ ਅਤੇ ਰਿਸੋਰਸ ਪਰਸਨ ਸ੍ਰੀਮਤੀ ਜਸਵਿੰਦਰ ਕੌਰ ਦੀ ਹਾਜ਼ਰੀ ਵਿਚ ਹੋਏ ਇਸ ਸਮਾਗਮ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆ ਰੋਕਣ, ਪਾਣੀ ਬਚਾਉਣ ਅਤੇ ਹੋਰਨਾਂ ਭਖਦੇ ਮੁੱਦਿਆਂ ‘ਤੇ ਕੋਰੀਓਗ੍ਰਾਫੀਆਂ, ਨੁੱਕੜ ਨਾਟਕ ਅਤੇ ਗੀਤ ਪੇਸ਼ ਕੀਤੇ ਗਏ।
ਇਸ ਮੌਕੇ ਮੈਡਮ ਗਿਰੀਸ਼ ਬਾਂਸਲ ਨੇ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ, ਲੋਕ ਅਦਾਲਤਾਂ, ਘਰੇਲੂ ਹਿੰਸਾ ਰੋਕਣ ਸਬੰਧੀ ਕਾਨੂੰਨਾਂ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਕੁੜੀਆਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੇਟੀਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਬਰਾਬਰ ਦੇ ਮੌਕੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਲੜਕੀਆਂ ਪ੍ਰਤੀ ਸਾਨੂੰ ਸੋਚ ਬਦਲਣ ਦੀ ਲੋੜ ਹੈ ਤਾਂ ਹੀ ਸਮਾਜ ਤਰੱਕੀ ਕਰ ਸਕਦਾ ਹੈ।
Punjab Post Daily Online Newspaper & Print Media