ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨਾਂ ਦੇ ਸਾਥੀ ਤੇ ਪੰਜਾਬ ਦੇ ਇੰਚਾਰਜ ਸੰਜੈ ਸਿੰਘ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਉਪ ਚੇਅਰਮੈਨ ਅਸੀਸ਼ ਖੇਤਾਨ ਖਿਲਾਫ ਮਾਣਹਾਨੀ ਦਾ ਫੌਜਦਾਰੀ ਕੇਸ ਦਾਇਰ ਕਰਾਉਂਦਿਆਂ ਸਜ਼ਾ ਦੀ ਮੰਗ ਕੀਤੀ ਹੈ।
ਅੱਜ ਸ. ਮਜੀਠੀਆ ਨੇ ਸਥਾਨਕ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਗੁਰਪ੍ਰਤਾਪ ਸਿੰਘ ਦੀ ਅਦਾਲਤ ਵਿਚ ਆਪਣੇ ਵਕੀਲ ਸ੍ਰੀ ਪੁਨੀਤ ਮੋਹਨ ਜਖਮੀ ਨਾਲ ਪੇਸ਼ ਹੋ ਕੇ ੳਨਾਂ ਅਤੇ ਉਨਾਂ ਦੇ ਪਰਿਵਾਰ ਦਾ ਅਕਸ਼ ਖਰਾਬ ਕਰਨ ਲਈ ਕੇਜਰੀਵਾਲ ਅਤੇ ਸਾਥੀਆਂ ਵੱਲੋਂ ਮੀਡੀਆ ਵਿਚ ਕੀਤੀ ਗਈ ਝੂਠੀ ਅਤੇ ਬੇਬੁਨਿਆਦ ਬਿਆਨਬਾਜ਼ੀ ਦੇ ਅਧਾਰ ‘ਤੇ ਧਾਰਾ 499/500/34/120 ਬੀ ਭਾਰਤੀ ਦੰਡਾਵਲੀ ਤਹਿਤ ਮਾਣਹਾਨੀ ਦਾ ਫੌਜਦਾਰੀ ਕੇਸ ਦਾਇਰ ਕੀਤਾ।
ਅਦਾਲਤ ਕੰਪਲੈਕਸ ਵਿਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਨੇ ਵੀ ਇਹ ਮਹਿਸੂਸ ਕਰਦਿਆਂ ਕਿ ਝੂਠ ਅਤੇ ਬੇਬੁਨਿਆਦ ਬਿਆਨਾਂ ਰਾਹੀਂ ਕਿਸੇ ਵੀ ਸਖਸ਼ੀਅਤ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿਰੁੱਧ ਫੌਜਦਾਰੀ ਧਰਾਵਾਂ ਤਹਿਤ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਜਾ ਸਕਦਾ ਹੈ, ਨੂੰ ਅਧਾਰ ਬਣਾ ਕੇ ਅੱਜ ਕੇਜਰੀਵਾਲ ਤੇ ਸਾਥੀਆਂ ਵਿਰੁੱਧ ਅਪੀਲ ਦਾਇਰ ਕਰਕੇ ਅਦਾਲਤ ਤੋਂ ਇੰਨਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਉਨਾਂ ਕਿਹਾ ਕਿ ਕੇਜਰੀਵਾਲ ਅਤੇ ਉਨਾਂ ਦੇ ਸਾਥੀਆਂ ਨੇ ਸਾਰੀ ਰਾਜਨੀਤੀ ਬੇਬੁਨਿਆਦ, ਝੂਠ, ਫਰੇਬ ਅਤੇ ਧੋਖੇ ‘ਤੇ ਟਿਕਾਈ ਹੋਈ ਹੈ ਅਤੇ ਇਸੇ ਝੂਠ ਦੇ ਅਧਾਰ ‘ਤੇ ਉਹ ਮੇਰਾ ਅਤੇ ਮੇਰੇ ਪਰਿਵਾਰ ਦੇ ਅਕਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਤੇ ਉਸਦੇ ਸਾਥੀਆਂ ਵੱਲੋਂ ਝੂਠੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਵਿਰੁੱਧ ਮੈਂ ਉਨਾਂ ਖਿਲਾਫ ਕਾਨੂੰਨੀ ਹੱਕ ਦਾ ਇਸਤੇਮਾਲ ਕਰਦਿਆਂ ਲੜਾਈ ਲੜ ਰਿਹਾ ਹਾਂ। ਉਨਾਂ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਬੇਅਸੂਲੀ ਰਾਜਨੀਤੀ ਕਰ ਰਿਹਾ ਹੈ, ਜਿਸਦਾ ਕੋਈ ਵੀ ਸਾਰਥਿਕ ਏਜੰਡਾ ਨਹੀਂ ਹੈ, ਐਸ. ਵਾਈ ਐਲ ਨਹਿਰ ਦੇ ਮੁੱਦੇ ‘ਤੇ ਵੀ ਕੇਜਰੀਵਾਲ ਨੇ ਪੰਜਾਬੀਆਂ ਨਾਲ ਜਿੱਥੇ ਧੋਖਾ ਕੀਤਾ, ਉਥੇ ਝੂਠ ਬੋਲਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨਾਂ ਕਿਹਾ ਕਿ ਪੰਜਾਬੀ ਆਪਣੇ ਹੱਕ, ਸੱਚ ਅਤੇ ਅਣਖ ਲਈ ਮਰ-ਮਿਟਣਾ ਜਾਣਦੇ ਹਨ।
ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਭੁਲੇਖਾ ਹੈ ਕਿ ਇੰਨਾਂ ਨੇ ਦਿੱਲੀ ਦੀ ਕਾਂਗਰਸ ਨੇਤਾ ਸ਼ੀਲਾ ਦੀਕਸ਼ਤ ਨੂੰ ਡਰਾ ਲਿਆ ਹੈ ਅਤੇ ਹੁਣ ਪੰਜਾਬੀਆਂ ਨੂੰ ਵੀ ਡਰਾ ਲਵਾਂਗਾ, ਪਰ ਅਜਿਹਾ ਨਹੀਂ ਹੋਵੇਗਾ। ਪੰਜਾਬੀਆਂ ਨੇ ਹਮੇਸ਼ਾਂ ਧਾੜਵੀਆਂ ਨੂੰ ਸਬਕ ਸਿਖਾਇਆ ਹੈ, ਤਾਂ ਕੇਜਰੀਵਾਲ ਜਾਂ ਉਸ ਦੇ ਖੁਸ਼ਾਮਦੀਦ ਯੂਪੀ ਬਿਹਾਰ ਵਾਲੇ ਕਿਹੜੇ ਬਾਗ ਦੀਆਂ ਮੂਲੀਆਂ ਹਨ? ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ. ਮਜੀਠੀਆ ਵੱਲੋਂ ਸੰਜੈ ਸਿੰਘ ਖਿਲਾਫ ਲੁਧਿਆਣਾ ਦੀ ਅਦਾਲਤ ਵਿਚ ਵੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾ ਚੁੱਕਾ ਹੈ। ਅੱਜ ਇਸ ਮੌਕੇ ਸ. ਮਜੀਠੀਆ ਨਾਲ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਯੂਥ ਅਕਾਲੀ ਦਲ ਦੇ ਬੁਲਾਰੇ ਸ੍ਰੀ ਨਵਦੀਪ ਗੋਲਡੀ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਜੋਧ ਸਿੰਘ ਸਮਰਾ, ਪ੍ਰਭਦਿਆਲ ਸਿੰਘ ਪੰਨਵਾਂ, ਕਿਰਨਪ੍ਰੀਤ ਸਿੰਘ ਮੋਨੂੰ, ਸੁਖਵਿੰਦਰ ਸਿੰਘ ਗੋਲਡੀ, ਕੌਸ਼ਲਰ ਅੰਮੂ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media