
ਨਵੀਂ ਦਿੱਲੀ, 20 ਮਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਪਟਿਆਲਾ ਵਿਖੇ ਮੁਲਾਕਾਤ ਕਰ ਕੇ ਉਹਨਾਂ ਉਪੱਰ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ।ਉਹਨਾਂ ਬਾਬਾ ਢੱਡਰੀਆਂ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੂਰਾ ਸਿੱਖ ਪੰਥ ਇਸ ਵੇਲੇ ਉਹਨਾਂ ਨਾਲ ਹੈ।ਦੁਨੀਆ ਵਿਚ ਜਿਥੇ ਕਿਤੇ ਵੀ ਸਿੱਖ ਰਹਿੰਦਾ ਹੈ, ਇਸ ਘਟਨਾ ਨਾਲ ਉਸਦਾ ਹਿਰਦਾ ਦੁੱਖੀ ਹੋਇਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਡਿਪਟੀ ਮੁਖ ਮੰਤਰੀ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਬਾਬਾ ਢੱਡਰੀਆਂ ਵਾਲਿਆਂ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਲੋਕਾਂ ਸਾਹਮਣੇ ਲਿਆਉਣ।
ਉਹਨਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਨਾਲ ਚਿੰਤਾ ਪ੍ਰਗਟ ਕੀਤੀ ਕਿ ਇਸ ਤਰੀਕੇ ਦਿਨ ਦਿਹਾੜੇ ਹਮਲੇ ਕਰ ਕੇ ਸਿੱਖ ਪੰਥ ਦੇ ਪ੍ਰਚਾਰਕਾਂ ਜੋ ਨਸ਼ਿਆਂ ਖਿਲਾਫ ਮੁਹਿੰਮ ਚਲਾ ਕੇ, ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ, ਉਹਨਾਂ ਉਪਰ ਹਮਲਾ ਕੀਤੇ ਜਾਣਾ ਅਮਨ ਕਾਨੂੰਨ ਦੀ ਖਰਾਬ ਸਥਿਤੀ ਨੂੰ ਦਰਸਾਉਂਦਾ ਹੈ।ਇਸ ਮੌਕੇ ਤੇ ਇਤੀਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ, ਰਮਨਦੀਪ ਸਿੰਘ ਸੋਨੂੰ, ਜਸਵਿੰਦਰ ਸਿੰਘ ਬਲੀਏਵਾਲ ਵੀ ਵਫਦ ਵਿਚ ਸਨ।
Punjab Post Daily Online Newspaper & Print Media