Monday, March 16, 2026

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 9 ਜੱਥੇਦਾਰਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ‘ਚ ਸੁਸ਼ੋਭਿਤ

PPN2005201619

ਅੰਮ੍ਰਿਤਸਰ, 20 ਮਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਹਿ ਚੁੱਕੇ 9 ਜੱਥੇਦਾਰ ਸਾਹਿਬਾਨ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ, ਜਿਨ੍ਹਾਂ ਵਿਚ ਜੱਥੇਦਾਰ ਬਾਬਾ ਬਿਨੋਦ ਸਿੰਘ, ਜੱਥੇਦਾਰ ਬਾਬਾ ਦੀਵਾਨ ਦਰਬਾਰਾ ਸਿੰਘ, ਜੱਥੇਦਾਰ ਬਾਬਾ ਨੈਣਾ ਸਿੰਘ, ਜੱਥੇਦਾਰ ਬਾਬਾ ਹਨੂਮਾਨ ਸਿੰਘ, ਜੱਥੇਦਾਰ ਬਾਬਾ ਪ੍ਰਹਿਲਾਦ ਸਿੰਘ, ਜੱਥੇਦਾਰ ਬਾਬਾ ਗਿਆਨ ਸਿੰਘ, ਜੱਥੇਦਾਰ ਬਾਬਾ ਤੇਜਾ ਸਿੰਘ, ਜੱਥੇਦਾਰ ਬਾਬਾ ਸਾਹਿਬ ਸਿੰਘ ਅਤੇ ਜੱਥੇਦਾਰ ਬਾਬਾ ਚੇਤ ਸਿੰਘ ਦੇ ਨਾਂਅ ਸ਼ਾਮਲ ਹਨ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਧੀਕ ਹੈੱਡ ਗ੍ਰੰਥੀ ਤੇ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ। ਪੰਥਕ ਰਵਾਇਤਾਂ ਅਨੁਸਾਰ ਸਟੇਜ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕੀਤੀ ਤੇ ਲਗਾਈਆਂ ਜਾਣ ਵਾਲੀਆਂ ਤਸਵੀਰਾਂ ਬਾਰੇ ਵਿਸਥਾਰ ਵਿਚ ਦੱਸਦਿਆਂ ਅਜਾਇਬ ਘਰ ਦੀ ਕੌਮੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ।
ਇਸ ਮੌਕੇ ਸੰਗਤਾਂ ਨੂੰ ਸਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤ ਨੂੰ ਰੂਪਮਾਨ ਕਰਦਾ ਅਹਿਮ ਸੋਮਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੀ ਚੜ੍ਹਦੀ ਕਲਾ ਲਈ ਅਹਿਮ ਯੋਗਦਾਨ ਪਾਉਣ ਵਾਲੇ ਗੁਰਸਿੱਖਾਂ ਦੀਆਂ ਤਸਵੀਰਾਂ ਇਥੇ ਸਜਾਈਆਂ ਜਾਂਦੀਆਂ ਹਨ, ਜਿਸ ਤਹਿਤ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਨ੍ਹਾਂ ਨੌਂ ਜੱਥੇਦਾਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਤਿੰਨ ਜੱਥੇਦਾਰਾਂ ਜੱਥੇਦਾਰ ਨਵਾਬ ਕਪੂਰ ਸਿੰਘ, ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਤਸਵੀਰਾਂ ਪਹਿਲਾਂ ਹੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਹਨ। ਜੱਥੇਦਾਰ ਅਵਤਾਰ ਸਿੰਘ ਨੇ ਜੱਥੇਦਾਰ ਅਕਾਲੀ ਫੂਲਾ ਸਿੰਘ, ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਜੱਥੇਦਾਰ ਬਾਬਾ ਬਿਨੋਦ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਬੁੱਢਾ ਦਲ ਦੇ ਅਨੇਕਾਂ ਜੱਥੇਦਾਰਾਂ ਨੇ ਬਿਖੜੇ ਸਮੇਂ ਵਿਚ ਵੀ ਸਿੱਖ ਪੰਥ ਦੀ ਅਗਵਾਈ ਕੀਤੀ ਅਤੇ ਪੰਥ ਨੂੰ ਚੁਣੌਤੀਆਂ ਭਰੇ ਸਮੇਂ ਵਿੱਚੋਂ ਦਿੜ੍ਹਤਾ ਨਾਲ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਹ ਸ਼ਖਸੀਅਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਮੁਖੀ ਵਜੋਂ ਵੀ ਸੇਵਾ ਨਿਭਾਉਂਦੀਆਂ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਵੱਲੋਂ ਕੀਤੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਤੇ ਇਸ ਮੌਕੇ ਸਮੂਹ ਨਿਹੰਗ ਸਿੰਘਾਂ ਨੂੰ ਵਧਾਈ ਦਿੱਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਥੇਦਾਰ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਨਤੀ ਤੇ ਬੁੱਢਾ ਦਲ ਦੇ ਮੁਖੀਆਂ ਦੀਆਂ ਤਸਵੀਰਾਂ ਅਜਾਇਬ ਘਰ ਵਿਚ ਲਗਾ ਕੇ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਸੰਪਰਦਾ ਸੁਰ ਸਿੰਘ ਵਾਲੇ, ਬਾਬਾ ਮੱਖਣ ਸਿੰਘ ਬਾਬਾ ਬਕਾਲਾ ਵੱਲੋਂ ਬਾਬਾ ਗੱਜਣ ਸਿੰਘ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਣ ਸਿੰਘ ਬਾਰਨ ਸਾਹਿਬ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਬਾਬਾ ਨਾਰੰਗ ਸਿੰਘ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਰਘਬੀਰ ਸਿੰਘ ਤਰਨਾ ਦਲ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲਾ, ਬਾਬਾ ਵਰਿਆਮ ਸਿੰਘ, ਬਾਬਾ ਵੱਸਣ ਸਿੰਘ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਲਾਲ ਸਿੰਘ ਰਾਮਪੁਰਾ ਫੂਲ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ, ਐਡੀ. ਸਕੱਤਰ ਸ. ਬਿਜੈ ਸਿੰਘ, ਸ. ਪਰਮਜੀਤ ਸਿੰਘ ਮੁੱੰਡਾ ਪਿੰਡ ਨਿੱਜੀ ਸਹਾਇਕ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਇਕਬਾਲ ਸਿੰਘ ਮੁਖੀ ਕਿਊਰੇਟਰ ਸਿੱਖ ਅਜਾਇਬ ਘਰ, ਭਾਈ ਮਨਮੋਹਨ ਸਿੰਘ ਭਾਗੋਵਾਲੀਆ, ਗਿਆਨੀ ਸੁਮਿੱਤਰ ਸਿੰਘ ਹੈੱਡ ਗ੍ਰੰਥੀ ਹਰੀਆਂ ਵੇਲਾਂ, ਬਾਬਾ ਤਾਰਾ ਸਿੰਘ ਝਾੜ ਸਾਹਿਬ, ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply