ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਆਗੂ ਤੇ ਮੈਂਬਰ ਲੋਕ ਸਭਾ ਭਗਵੰਤ ਮਾਨ ਵੱਲੋਂ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਬੇ ਬੁਨਿਆਦ ਤੇ ਝੂਠੇ ਦੋਸ਼ਾਂ ਰਾਹੀ ਸ: ਮਜੀਠੀਆ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ੍ਰੀ ਮਾਨ ਥੋੜ੍ਹਾ ਸਬਰ ਤੇ ਇੰਤਜ਼ਾਰ ਕਰ ਲਵੇ, ਉਸ ਦੀ ਜੇਲ੍ਹ ਜਾਣ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਜਲਦ ਹੀ ਕਚਹਿਰੀਆਂ ਵਿੱਚ ਘੜੀਸਿਆ ਜਾਵੇਗਾ।
ਉਹਨਾਂ ਸ੍ਰੀ ਮਾਨ ਵੱਲੋਂ ਸ: ਮਜੀਠੀਆ ‘ਤੇ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਤੇ ਕਿਹਾ ਕਿ ਸ੍ਰੀ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ‘ਤੇ ਸ: ਮਜੀਠੀਆ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਫੌਜਦਾਰੀ ਕੇਸ ਕਾਰਨ ਹੋਣ ਵਾਲੀ ਸਜ਼ਾ ਦਾ ਤਸੱਵਰ ਕਰਕੇ ਹੀ ਬੁਖਲਾ ਗਏ ਹਨ। ਉਹਨਾਂ ਕਿਹਾ ਕਿ ਸ੍ਰੀ ਮਾਨ ਕੋਲ ਜੇ ਸ; ਮਜੀਠੀਆ ਖ਼ਿਲਾਫ਼ ਕੋਈ ਪੁਖਤਾ ਸਬੂਤ ਹਨ ਤਾਂ ਉਹ ਬਿਆਨਬਾਜ਼ੀ ਰਾਹੀ ਸਿਆਸੀ ਰੋਟੀਆਂ ਸੇਕਣ ਦੀ ਥਾਂ ਲੋਕ ਕਚਹਿਰੀ ਵਿੱਚ ਉਸ ਨੂੰ ਕਿਉਂ ਨਹੀਂ ਲੈ ਕੇ ਆ ਰਿਹਾ? ਉਹਨਾਂ ਕਿਹਾ ਕਿ ਅਸਲ ਵਿੱਚ ਸ੍ਰੀ ਮਾਨ ਸ: ਮਜੀਠੀਆ ਦਾ ਅਕਸ ਖਰਾਬ ਕਰਨ ਲਈ ਉਸ ‘ਤੇ ਬੇਬੁਨਿਆਦ ਤੇ ਝੂਠੇ ਦੋਸ਼ ਲਾ ਰਿਹਾ ਹੈ। ਆਪਣੇ ਆਕਾ ਦੀ ਖੁਸ਼ਾਮਦ ਕਰਨੀ ਅਤੇ ਅਖ਼ਬਾਰੀ ਸੁਰਖ਼ੀਆਂ ਬਟੋਰਨਾ ਹੀ ਸ੍ਰੀ ਮਾਨ ਦਾ ਮਕਸਦ ਰਿਹਾ ਹੈ।
Punjab Post Daily Online Newspaper & Print Media