
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ)- ਅਕਾਲੀ ਦਲ ਵੱਲੋਂ ਪਿੰਡਾਂ ਵਿੱਚ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਹਲਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ, ਨਿਸ਼ਾਨ ਸਿੰਘ ਚੱਬਾ, ਬਲਦੇਵ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਪਿੰਡਾਂ ਵਿੱਚ ਵਿਕਾਸ ਦੀਆਂ ਹਨੇਰੀਆਂ ਦੀ ਗੱਲ ਕਰ ਰਿਹਾ ਪਰ ਹਕੀਕਤ ਇਸ ਦੇ ਉੱਲਟ ਹੈ ।ਇਸੇ ਲਈ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਚੱਬੇ ਦੇ 15 ਡੇਰਿਆਂ ਦੇ ਰਸਤੇ ਅਜੇ ਵੀ ਕੱਚੇ ਹਨ, ਗਰਮੀ ਕਾਰਨ ਉੱਡਦੀ ਧੂੜ ਅਤੇ ਮੀਂਹ ਸਮੇਂ ਚਿੱਕੜ ਤੇ ਤਿਲਕਣ ਕਾਰਣ ਇਹਨਾਂ ਰਸਤਿਆਂ ਵਿਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਤਿਹਾਸਕ ਪਿੰਡ ਚੱਬਾ ਦਾ ਕੋਈ ਵੀ ਵਾਲੀ ਵਾਰਿਸ ਨਹੀਂ ।ਇਸ ਪਿੰਡ ਦੇ ਛੱਪੜ ਗੰਦੇ ਤੇ ਬਦਬੂਦਾਰ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਇਸ ਦੇ ਪਾਣੀ ਦੀ ਨਿਕਾਸੀ ਵੱਲ ਧਿਆਨ ਨਹੀਂ ਦਿਤਾ ਜਾ ਰਿਹਾ, ਜਿਸ ਕਰਕੇ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ।
ਉਨਾਂ ਕਿਹਾ ਕਿ ਛੱਪੜ ਕਿਨਾਰੇ ਸਥਿਤ ਗੁਰਦੁਆਰਾ ਸਾਹਿਬ, ਮੰਦਰ ਰਾਮਬਾਣੀ, ਸੰਘਣੀ ਅਬਾਦੀ ਅਤੇ ਸਰਕਾਰੀ ਹਾਈ ਸਕੂਲ ਮੌਜੂਦ ਹੋਣ ਕਰਕੇ ਛੱਪੜ ਦੇ ਗੰਦੇ ਪਾਣੀ ਵਿੱਚ ਪੈਦਾ ਹੋਏ ਮੱਖੀਆਂ ਤੇ ਮੱਛਰਾਂ ਤੋਂ ਮਲੇਰੀਆ, ਡੇਂਗੂ, ਪੇਟ ਦੀਆਂ ਬਿਮਾਰੀਆਂ ਅਤੇ ਚੱਮੜੀ ਦੇ ਰੋਗਾਂ ਦਾ ਇਥੇ ਪੜ੍ਹਦੇ ਬੱਚਿਆਂ ਤੋਂ ਇਲਾਵਾ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਨੂੰ ਭਿਆਨਕ ਖਤਰਾ ਪੈਦਾ ਹੋ ਗਿਆ ਹੈ।ਪਿੰਡ ਵਾਸੀਆਂ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੁਆਂ ਨੇ ਮੰਗ ਕੀਤੀ ਕਿ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ‘ਤੇ ਹੱਲ ਕੀਤਾ ਜਾਵੇ ਅਤੇ ਡੇਰਿਆਂ ਦੇ ਕੱਚੇ ਰਸਤੇ ਪੱਕੇ ਕੀਤੇ ਜਾਣ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ ।ਇਸ ਮੌਕੇ ਦਲਬੀਰ ਸਿੰਘ ਬਿੱਲਾ, ਨਿਰਮਲ ਸਿੰਘ, ਬਲਵਿੰਦਰ ਸਿੰਘ ਬਿੱਲਾ, ਦਿਲਬਾਗ ਸਿੰਘ, ਬੂਟਾ ਸਿੰਘ, ਬਲਦੇਵ ਸਿੰਘ, ਦਿਲਪ੍ਰੀਤ ਸਿੰਘ, ਸੁਲਤਾਨ ਸਿੰਘ, ਜਗਰੂਪ ਸਿੰਘ, ਪ੍ਰਗਟ ਸਿੰਘ, ਸੋਨੂੰ ਕਰਮਬੀਰ ਸਿੰਘ, ਜਥੇ. ਕਸ਼ਮੀਰ ਸਿੰਘ ਆਦਿ ਆਗੂ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media