
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜ਼ਿੰਗ ਟਰੱਸਟੀ ਡਾ. ਐੱਸ.ਪੀ.ਸਿੰਘ ਓਬਰਾਏ ਦੀ ਦੇਖ ਰੇਖ ਤੇ ਮਾਲੀ ਮਦਦ ਨਾਲ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ (ਰਜਿ:) ਵਿਖੇ ਜਾਰੀ ਤਿੰਨ ਸਾਲਾ ਕੋਰਸ ਦੇ ਪਲੇਠੇ ਬੈਚ ਦੇ 20 ਟਰੇਂਡ ਹੈੱਡ ਰਾਗੀਆਂ ਤੇ ਪ੍ਰਚਾਰਕਾਂ ਨੂੰ ਅੱਜ ਸਰਟੀਫ਼ਿਕੇਟ ਵੰਡੇ ਗਏ।
ਸਰਟੀਫਿਕੇਟ ਵੰਡਣ ਦੀ ਰਸਮ ਡਾ: ਐਸ. ਪੀ. ਸਿੰਘ ਓਬਰਾਏ ਨੇ ਅਦਾ ਕੀਤੀ। ਇਸ ਸਬੰਧ ‘ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਕਾਲਜ ਪ੍ਰਿੰਸੀਪਲ ਗੁਰਮੀਤ ਕੌਰ ਖਾਲਸਾ ਦੀ ਅਗਵਾਈ ‘ਚ ਸ਼ਹੀਦਾਂ ਦੀ ਲਹੂ ਭਿੱਜੀ ਧਰਤੀ ਅਤੇ ਅਖੰਡ ਕੀਰਤਨੀ ਜਥੇ ਦੇ ਹੈੱਡ ਕੁਆਟਰ ਅੰਮ੍ਰਿਤਸਰ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਕਾਲਜ ਦੇ ਵਿਦਿਆਰਥੀਆਂ ਨੇ ਰਸ ਭਿੰਨਾਂ ਕੀਰਤਨ ਕਰਕੇ ਆਪਣੀ ਹੋਣਹਾਰ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਇਸ ਮੌਕੇ ਆਪਣੇ ਸੰਬੋਧਨ ਚ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਦਿੱਤੀ ਗਈ ਮਾਲੀ ਮਦਦ ਸਦਕਾ ਕਾਲਜ ਦੀ ਬਣੀ ਇਸ ਬਿਲਡਿੰਗ ਵਿੱਚ ਗੁਰਮਤਿ ਸੰਗੀਤ ਦੇ ਤਿੰਨ ਸਾਲਾ ਕੋਰਸ ਦਾ ਅਰੰਭ 2013 ਦੀ ਵਿਸਾਖੀ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹਨਾਂ ਸਿਖਿਆਰਥੀਆਂ ਨੂੰ ਤਿੰਨ ਸਾਲਾਂ ਦੌਰਾਨ ਸੰਗੀਤ, ਤਬਲਾ, ਤੰਤੀ ਸਾਜ਼ਾਂ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਹੁਣ ਇਹ ਰਾਗੀ ਸ਼ੁੱਧ ਕੀਰਤਨ ਕਰਨ ਤੋਂ ਇਲਾਵਾ ਧਰਮ ਪ੍ਰਚਾਰ ਦੇ ਮਿਸ਼ਨ ਜਿਵੇਂ ਕਿ ਨੌਜਵਾਨਾਂ ਦੇ ਕੇਸ ਰਖਾਉਣੇ, ਨਸ਼ੇ ਛੁਡਾਉਣੇ, ਧੀਆਂ ਨੂੰ ਕੁੱਖ਼ ‘ਚ ਮਰਨੋਂ ਬਚਾਉਣਾ, ਪਾਖੰਡੀਆਂ ਤੋਂ ਸੰਗਤਾਂ ਨੂੰ ਸੁਚੇਤ ਕਰਕੇ ਗੁਰੂ ਗ੍ਰੰਥ ਤੇ ਪੰਥ ਨਾਲ ਜੋੜਨਾ ਆਦਿ ‘ਤੇ ਪਹਿਰਾ ਦੇਣਗੇ।
ਇਸੇ ਦੌਰਾਨ ਆਪਣੇ ਸੰਬੋਧਨ ‘ਚ ਡਾ: ਐਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਹੁਣ ਇਸ ਕਾਲਜ ਵਿੱਚ ਪ੍ਰਪੱਕ ਗ੍ਰੰਥੀ ਸਿੰਘਾਂ ਨੂੰ ਵੀ ਤਿਆਰ ਕਰਨ ਲਈ ਕੋਰਸ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਇਸ ਮੌਕੇ ਕਾਲਜ ਦੀ ਪਹਿਲਾਂ ਚੱਲਦੀ ਵਿੱਤੀ ਮਦਦ ਜਾਰੀ ਰੱਖਣ ਦੇ ਨਾਲ-ਨਾਲ ਨਵੀਂ ਇਮਾਰਤ ਬਣਾਉਣ ਅਤੇ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਡਾ: ਓਬਰਾਏ ਦੇ ਨਾਲ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਗਦੇਵ ਸਿੰਘ ਐਸ. ਡੀ. ਓ., ਹਰਜਿੰਦਰ ਸਿੰਘ ਮੁੱਧ, ਕੰਵਰਮੀਤ ਸਿੰਘ, ਤਰਨਤਾਰਨ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਟਿੱਕਾ ਅਤੇ ਮੋਤਾ ਸਿੰਘ ਅਦਲੀਵਾਲ ਵੀ ਮੌਜੂਦ ਸਨ।
Punjab Post Daily Online Newspaper & Print Media