
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਅੰਦਰ ਚੱਲ ਰਹੇ 9 ਫਰਦ ਕੇਂਦਰਾਂ ਤੋਂ ਵਿੱਤੀ ਵਰ੍ਹੇ 2015-16 ਦੌਰਾਨ ਕੁੱਲ 148008 ਕੰਪਿਊਟਰਾਈਜ਼ਡ ਫਰਦਾਂ ਜਾਰੀ ਕੀਤੀਆਂ ਗਈਆਂ ਹਨ ਅਤੇ 857882 ਪੰਨਿਆਂ ਦੀਆਂ ਕਾਪੀਆਂ ਲੋਕਾਂ ਨੂੰ ਮੁਹੱਈਆ ਕਰਵਾ ਕੇ 17055240 ਰੁਪਏ ਦੀ ਫ਼ੀਸ ਪ੍ਰਾਪਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਫਰਦ ਕੇਂਦਰ ਅੰਮ੍ਰਿਤਸਰ-1 ਤੋਂ ਇਸ ਸਮੇਂ ਦੌਰਾਨ 20363 ਫ਼ਰਦਾਂ ਜਾਰੀ ਕਰਕੇ 2931300 ਰੁਪਏ ਦੀ ਰਾਸ਼ੀ ਫੀਸ ਵਜੋਂ ਵਸੂਲੀ ਗਈ। ਇਸੇ ਤਰ੍ਹਾਂ ਫਰਦ ਕੇਂਦਰ ਅੰਮ੍ਰਿਤਸਰ-2 ਤੋਂ 23092 ਫਰਦਾਂ ਜਾਰੀ ਕਰਕੇ 2770260 ਰੁਪਏ, ਅਜਨਾਲਾ ਤੋਂ 31937 ਫਰਦਾਂ ਰਾਹੀਂ 3750600 ਰੁਪਏ, ਬਾਬਾ ਬਕਾਲਾ ਫਰਦ ਕੇਂਦਰ ਤੋਂ 24556 ਫਰਦਾਂ ਰਾਹੀਂ 2591680 ਰੁਪਏ, ਮਜੀਠਾ ਤੋਂ 11889 ਫਰਦਾਂ ਜਾਰੀ ਕਰਕੇ 1219600 ਰੁਪਏ, ਅਟਾਰੀ ਤੋਂ 7835 ਫਰਦਾਂ ਜਾਰੀ ਕਰਕੇ 1025040 ਰੁਪਏ, ਲੋਪੋਕੇ ਤੋਂ 10873 ਫਰਦਾਂ ਰਾਹੀਂ 971240 ਰੁਪਏ, ਤਰਸਿੱਕਾ ਤੋਂ 10575 ਫਰਦਾਂ ਜਾਰੀ ਕਰਕੇ 1221900 ਰੁਪਏ ਅਤੇ ਰਮਦਾਸ ਫਰਦ ਕੇਂਦਰ ਤੋਂ 6888 ਫਰਦਾਂ ਜਾਰੀ ਕਰਕੇ 573620 ਰੁਪਏ ਦੀ ਫੀਸ ਵਸੂਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਫਰਦ ਕੇਂਦਰਾਂ ਜ਼ਰੀਏ ਜਮ੍ਹਾਂਬੰਦੀਆਂ ਦੀ ਕੰਪਿਊਟਰਾਈਜ਼ਡ ਕਾਪੀ ਮੁਹੱਈਆ ਕਰਵਾਉਣ ਲਈ ਇਹ ਪ੍ਰਾਜੈਕਟ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ ਜਿਸ ਨਾਲ ਹੁਣ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਜਮ੍ਹਾਂਬੰਦੀਆਂ ਦੀ ਕਾਪੀ ਲੈਣ ਲਈ ਤੰਗ-ਪ੍ਰੇਸ਼ਾਨ ਨਹੀਂ ਹੋਣਾ ਪੈਂਦਾ ਅਤੇ ਪਟਵਾਰੀਆਂ ਕੋਲ ਚੱਕਰ ਨਹੀਂ ਕੱਟਣੇ ਪੈਂਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਇਹ ਫਰਦ ਕੇਂਦਰ ਜ਼ਿਲ੍ਹੇ ਦੇ ਲੋਕਾਂ ਖਾਸਕਰ ਕਿਸਾਨਾਂ ਲਈ ਬਹੁਤ ਹੀ ਸਾਰਥਿਕ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ 9 ਫਰਦ ਕੇਂਦਰਾਂ ਤੋਂ ਲੋੜਵੰਦ ਲੋਕਾਂ ਨੂੰ ਆਪਣੀ ਜ਼ਮੀਨ ਦੀ ਲੋੜੀਂਦੀ ਫਰਦ ਦੀ ਨਕਲ ਮੌਕੇ ‘ਤੇ ਹੀ ਅਤੇ ਬਹੁਤ ਹੀ ਵਾਜ਼ਿਬ ਫੀਸ ‘ਤੇ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਕਾਰਨ ਹੁਣ ਫਰਦ ਕੇਂਦਰਾਂ ਤੋਂ ਆਪਣੀ ਜ਼ਮੀਨ ਜਮ੍ਹਾਂਬੰਦੀ ਦੀ ਨਕਲ ਪ੍ਰਾਪਤ ਕਰਨ ਵਿੱਚ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋ ਰਹੀ ਹੈ।
Punjab Post Daily Online Newspaper & Print Media