
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਮੁਲਕ ਅਤੇ ਸੂਬੇ ਦੀ ਤਰੱਕੀ ਲਈ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਅਮੀਰ ਅਤੇ ਗ਼ਰੀਬ ਲਈ ਸਿੱਖਿਆ ਦਾ ਮਿਆਰ ਇਕੋ ਜਿਹਾ ਕਰਨਾ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਸਥਾਨਕ ਯੂਨੀਵਰਸਲ ਆਈ. ਟੀ. ਆਈ ਵਿਖੇ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਦੇ ਖੇਤਰੀ ਕੇਂਦਰ ਅੰਮ੍ਰਿਤਸਰ ਦਾ ਉਦਘਾਟਨ ਕਰਨ ਮੌਕੇ ਮੁੱਖ ਮਹਿਮਾਨ ਵਜੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ. ਹਰਪਾਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ, ਪਿੰਗਲਵਾੜਾ ਦੀ ਚੇਅਰਪਰਸਨ ਡਾ ਇੰਦਰਜੀਤ ਕੌਰ, ਡਾ. ਜਾਰਜ ਮੈਥੀਊ, ਡਾ. ਐਸ. ਐਸ ਛੀਨਾ, ਪ੍ਰੋ. ਗੋਪਾਲ ਅਈਅਰ, ਸ. ਇੰਦਰਜੀਤ ਸਿੰਘ ਬਿੱਲਾ, ਪ੍ਰਿੰਸੀਪਲ ਇੰਦਰਜੀਤ ਕੌਰ ਗਿੱਲ, ਸ. ਦਮਨਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਡਾ. ਅਟਵਾਲ ਨੇ ਕਿਹਾ ਕਿ ਨਵੀਂ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਖੋਲ੍ਹੇ ਗਏ ਉੱਤਰੀ ਭਾਰਤ ਦੇ ਇਸ ਪਹਿਲੇ ਇੰਸਟੀਚਿਊਟ ਨਾਲ ਜਿਥੇ ਖਿੱਤੇ ਵਿਚੋਂ ਬੇਰੁਜ਼ਗਾਰੀ ਅਤੇ ਗ਼ਰੀਬੀ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇਗੀ ਉਥੇ ਪੰਜਾਬ ਦੀਆਂ ਸਮਾਜਿਕ, ਆਰਥਿਕ ਅਤੇ ਹੋਰਨਾਂ ਸਮੱਸਿਆਵਾਂ ਨੂੰ ਸੰਵਾਦ, ਬਹਿਸ ਅਤੇ ਖੋਜ ਦੇ ਜ਼ਰੀਏ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਹੈ ਕਿਉਂਕਿ ਇਹ ਹੀ ਸਿੱਖਿਆ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਜਾਂ ਸੂਬੇ ਦੀ ਉੱਚ ਸਿੱਖਿਆ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਉਸ ਦੀ ਪ੍ਰਾਇਮਰੀ ਸਿੱਖਿਆ ਮਜ਼ਬੂਤ ਹੋਵੇ। ਇਸ ਤੋਂ ਇਲਾਵਾ ਅਮੀਰਾਂ ਅਤੇ ਗ਼ਰੀਬਾਂ ਦੀ ਸਿੱਖਿਆ ਦਾ ਮਿਆਰ ਇਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੇਵੀਂ ਜਮਾਤ ਤੋਂ ਅੰਗਰੇਜ਼ੀ ਪੜ੍ਹਨ ਵਾਲਾ ਬੱਚਾ ਨਰਸਰੀ ਜਮਾਤ ਤੋਂ ਅੰਗਰੇਜ਼ੀ ਪੜ੍ਹਨ ਵਾਲੇ ਬੱਚੇ ਦਾ ਕਦੇ ਮੁਕਾਬਲਾ ਨਹੀਂ ਕਰ ਸਕਦਾ। ਇਹੋ ਤ੍ਰਾਸਦੀ ਹੈ ਕਿ ਅੱਜ ਪੰਜਾਬ ਦੇ ਫ਼ੌਜੀ ਜਰਨੈਲਾਂ, ਆਈ. ਏ. ਐਸ, ਆਈ. ਪੀ. ਐਸ ਅਤੇ ਹੋਰਨਾਂ ਉੱਚ ਅਧਿਕਾਰੀਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਕਿ ਉਸ ਨੇ ਮਤਾ ਪਾਸ ਕਰਕੇ ਪੰਜਵੀਂ ਤੇ ਅੱਠਵੀਂ ਦੀ ਬੋਰਡ ਪ੍ਰੀਖਿਆ ਮੁੜ ਤੋਂ ਲੈਣੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦੇ ਅਧਿਕਾਰ (ਰਾਈਟ ਟੂ ਐਜੂਕੇਸ਼ਨ) ਦੀ ਥਾਂ ਸਹੀ ਸਿੱਖਿਆ (ਰਾਈਟ ਐਜੂਕੇਸ਼ਨ) ਦੇਣ ਦੀ ਲੋੜ ਹੈ।
ਇਸ ਮੌਕੇ ਨਵੀਂ ਦਿੱਲੀ ਵਿਚ 1985 ਵਿਚ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਦੀ ਸਥਾਪਨਾ ਕਰਨ ਵਾਲੇ ਡਾ. ਜਾਰਜ ਮੈਥੀਊ ਨੇ ਸੰਸਥਾ ਦੇ ਉਦੇਸ਼ਾਂ ਅਤੇ ਕਾਰਜਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਹੁਣ ਇਸ ਸੰਸਥਾ ਦੀਆਂ ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਕੇਰਲ, ਪੁਡੂਚੇਰੀ, ਬਿਹਾਰ ਆਦਿ ਵਿਚ ਸ਼ਾਖਾਵਾਂ ਹਨ ਅਤੇ ਉੱਤਰੀ ਭਾਰਤ ਵਿਚ ਨਵੀਂ ਦਿੱਲੀ ਤੋਂ ਬਾਅਦ ਪੰਜਾਬ ਵਿਚ ਇਹ ਪਹਿਲੀ ਸ਼ਾਖਾ ਖੋਲ੍ਹੀ ਗਈ ਹੈ, ਜਿਸ ਨਾਲ ਲਾਗਲੇ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਵੀ ਇਸ ਦਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਨਾਲ ਭਾਰਤ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਹੋਰ ਉੱਚ ਰਾਜਨੀਤਿਕ ਸ਼ਖਸੀਅਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਇੰਸਟੀਚਿਊਟ ਦੀ ਇਮਾਰਤ ਲਈ 2001 ਵਿਚ 10 ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ। ਇਸ ਮੌਕੇ ਡਾ. ਐਸ. ਐਸ ਛੀਨਾ ਨੇ ਸ. ਅਟਵਾਲ ਨੂੰ ਆਪਣੀ ਲਿਖੀ ਹੋਈ ਪ੍ਰਸਿੱਧ ਕਿਤਾਬ ‘ਵਾਹਗੇ ਵਾਲੀ ਲਕੀਰ’ ਦੀ ਕਾਪੀ ਭੇਟ ਕੀਤੀ, ਜਿਸ ਦਾ ਦੁਨੀਆ ਦੀਆਂ 12 ਜ਼ੁਬਾਨਾਂ ਵਿਚ ਅਨੁਵਾਦ ਹੋ ਚੁੱਕਾ ਹੈ।
Punjab Post Daily Online Newspaper & Print Media