ਬਟਾਲਾ, 25 ਮਈ (ਨਰਿੰਦਰ ਸਿੰਘ ਬਰਨਾਲ)- ਸੂਚਨਾ ਤਕਨੌਲਜੀ ਤੇ ਸ਼ੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਮਨੁੱਖ ਦਾ ਆਪਸੀ ਸੰਚਾਰ ਵਧਣ ਤੇ ਅਸਾਨ ਹੋਣ ਦੇ ਨਾਲ ਸ਼ੋਸ਼ਲ ਮੀਡੀਆ ਦੇ ਕੁਝ ਹੋਰ ਵੀ ਬਹੁਤ ਚੰਗੇ ਸਿੱਟੇ ਸਾਹਮਣੇ ਆਏ ਹਨ। ਬਟਾਲਾ ਸ਼ਹਿਰ ਦੇ ਨੌਜਵਾਨਾਂ ਨੇ ਸ਼ੋਸ਼ਲ ਮੀਡੀਆ ਦੀਆਂ ਸਭ ਤੋਂ ਵੱਧ ਚਰਚਿਤ ਐਪਲੀਕੇਸ਼ਨ ਫੇਸਬੁੱਕ ਅਤੇ ਵਟਸਐਪ ਰਾਹੀਂ ਖੂਨਦਾਨ ਸੇਵਾ ਸ਼ੁਰੂ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ ਹੈ। ਨੌਜਵਾਨਾਂ ਨੇ ਵਟਸਐਪ ਗਰੁੱਪ ਜਰੀਏ ਪ੍ਰਭਾਵਤ ਹੋ ਕੇ 30 ਲੋੜਵੰਦ ਮਰੀਜਾਂ ਨੂੰ ਖੂਨਦਾਨ ਕਰਕੇ ਉਨ੍ਹਾਂ ਦੀ ਜਾਨ ਬਚਾਈ ਹੈ। ਇਹ ਵਟਸਐਪ ਗਰੁੱਪ ਇੱਕ ਬਲੱਡ ਬੈਂਕ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਜਿਥੇ ਹਰ ਗਰੁੱਪ ਦੇ ਬਲੱਡ ਦੀ ਮੰਗ ਨੌਜਵਾਨਾਂ ਵੱਲੋਂ ਪੂਰੀ ਕਰ ਦਿੱਤੀ ਜਾਂਦੀ ਹੈ।
ਬਟਾਲਾ ਸ਼ਹਿਰ ਦੇ ਨੌਜਵਾਨਾਂ ਪਾਰਸ ਜੁਲਕਾ, ਪੰਕਜ ਪੁਰੀ ਅਤੇ ਅਮਿਤਪਾਲ ਅਰੋੜਾ ਨੇ ਵਟਸਐਪ ‘ਤੇ ‘ਮਾਤਾ ਸੁਲੱਖਣੀ ਬਲੱਡ ਸੇਵਾ’ ਨਾਂ ਦਾ ਇੱਕ ਗਰੁੱਪ ਬਣਾਇਆ ਹੈ, ਜਿਸ ਵਿੱਚ 49 ਦੇ ਕਰੀਬ ਮੈਂਬਰ ਹਨ। ਵਟਸਐਪ ਗਰੁੱਪ ਦੇ ਸੰਚਾਲਕ ਪਾਰਸ ਜੁਲਕਾ ਨੇ ਦੱਸਿਆ ਕਿ ਉਸਦੇ ਬਹੁਤ ਸਾਰੇ ਦੋਸਤ ਸ਼ੋਸ਼ਲ ਮੀਡੀਆ ਨਾਲ ਜੁੜੇ ਹੋਏ ਸਨ ਅਤੇ ਅਕਸਰ ਹੀ ਸ਼ੋਸ਼ਲ ਮੀਡੀਆ ਦੇ ਵੱਖਰੇ-ਵੱਖਰੇ ਮੰਚਾਂ ‘ਤੇ ਆਪਸੀ ਗੱਲਬਾਤ ਹੁੰਦੀ ਰਹਿੰਦੀ ਸੀ। ਪਾਰਸ ਜੁਲਕਾ ਨੇ ਦੱਸਿਆ ਕਿ ਪਿਛਲੇ ਸਾਲ 9 ਸਤੰਬਰ ਨੂੰ ਉਸਦੇ ਸਾਰੇ ਦੋਸਤਾਂ ਨੇ ਸਲਾਹ ਕਰਕੇ ‘ਮਾਤਾ ਸੁਲੱਖਣੀ ਬਲੱਡ ਸੇਵਾ’ ਨਾਂ ਦਾ ਇੱਕ ਵਟਸਐਪ ਗਰੁੱਪ ਬਣਾਇਆ, ਜਿਸ ਵਿੱਚ ਸਾਰੇ ਹੀ ਖੂਨਦਾਨ ਕਰਨ ਦੀ ਭਾਵਨਾਂ ਵਾਲੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ। ਇਸ ਗਰੁੱਪ ਵਿੱਚ ਬਟਾਲਾ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਲੁਧਿਆਣਾ ਦੇ ਵੀ ਕੁਝ ਮੈਂਬਰ ਹਨ। ਇਸ ਤੋਂ ਇਲਾਵਾ ‘ਮਾਤਾ ਸੁਲੱਖਣੀ ਬਲੱਡ ਸੇਵਾ’ ਨਾਂ ਦਾ ਇੱਕ ਫੇਸਬੁੱਕ ਪੇਜ ਵੀ ਇਨ੍ਹਾਂ ਨੌਜਵਾਨਾਂ ਵਲੋਂ ਚਲਾਇਆ ਜਾ ਰਿਹਾ ਹੈ।
ਗਰੁੱਪ ਸੰਚਾਲਕ ਪਾਰਸ ਜੁਲਕਾ ਨੇ ਅੱਗੇ ਦੱਸਿਆ ਕਿ ਜਦੋਂ ਵੀ ਕਿਸੇ ਮੈਂਬਰ ਨੂੰ ਕੋਈ ਬਲੱਡ ਡੋਨੇਟ ਦੀ ਕਾਲ ਆਉਂਦੀ ਹੈ ਤਾਂ ਉਹ ਇਸਨੂੰ ਗਰੁੱਪ ‘ਚ ਸ਼ੇਅਰ ਕਰਦੇ ਹਨ ਅਤੇ ਗਰੁੱਪ ਮੈਂਬਰਾਂ ਵਿੱਚੋਂ ਜਾਂ ਕਿਤੋਂ ਬਾਹਰੋਂ ਸਬੰਧਤ ਗਰੁੱਪ ਦੇ ਖੂਨ ਦਾ ਪ੍ਰਬੰਧ ਕਰਕੇ ਲੋੜਵੰਦ ਨੂੰ ਬਿਨਾਂ ਕਿਸੇ ਦੇਰੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਰੁੱਪ ਮੈਂਬਰਾਂ ਵੱਲੋਂ ਆਪੋ-ਆਪਣੇ ਦੋਸਤਾਂ ਦੀਆਂ ਬਲੱਡ ਗਰੁੱਪ ਦੀ ਡਾਇਰੈਕਟਰੀਆਂ ਬਣਾਈਆਂ ਗਈਆਂ ਹਨ ਅਤੇ ਇਸ ਗਰੁੱਪ ਦੇ ਬਹੁਤ ਸਾਰੇ ਮੈਂਬਰ ਦੂਸਰੇ ਸ਼ਹਿਰਾਂ ਤੇ ਜ਼ਿਲ੍ਹਿਆਂ ਦੇ ਬਲੱਡ ਡੋਨੇਟ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਗਰੁੱਪ ਦੇ ਸਾਰੇ ਹੀ ਮੈਂਬਰ ਜਿਥੇ ਆਪ ਖੁਦ ਖੂਨਦਾਨ ਕਰਦੇ ਹਨ ਉਥੇ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ‘ਤੇ ਦੂਸਰੇ ਨੌਜਵਾਨਾਂ ਨੂੰ ਵੀ ਖੂਨਦਾਨ ਕਰਨ ਲਈ ਪਰੇਰ ਰਹੇ ਹਨ।
ਗੁਰੱਪ ਦੇ ਇਕ ਹੋਰ ਸੰਚਾਲਕ ਅਮਿਤਪਾਲ ਅਰੋੜਾ ਦਾ ਕਹਿਣਾ ਹੈ ਕਿ ‘ਮਾਤਾ ਸੁਲੱਖਣੀ ਬਲੱਡ ਸੇਵਾ’ ਗਰੁੱਪ ਉਸਦੇ ਸਾਰੇ ਵਟਸਐਪ ਗਰੁੱਪਾਂ ਨਾਲੋਂ ਵਧੀਆ ਹੈ ਕਿਉਂਕਿ ਇਸ ਗਰੁੱਪ ‘ਚ ਹਰ ਮੈਂਬਰ ਕਿਸੇ ਦੂਸਰੇ ਦੀ ਜ਼ਿੰਦਗੀ ਬਚਾਉਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਅਜਿਹਾ ਮਹਾਨ ਦਾਨ ਹੈ ਜਿਸ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਗਰੁੱਪ ਦੇ ਮੈਂਬਰਾਂ ਨੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ਼ੋਸ਼ਲ ਮੀਡੀਆ ਦੇ ਇਸ ਮੰਚ ‘ਤੇ ਇਕੱਠੇ ਹੋ ਕੇ ਖੂਨਦਾਨ ਵਰਗੇ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media