ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ)- ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਸਾਲਾਂ ਦੇ ਆਪਣੇ ਕਾਰਜਕਾਲ ਦੇ ਮਨਾਏ ਜਾ ਰਹੇ ਜਸ਼ਨ ਦੇ ਪਰਖੰਚੇ ਉਡਾਉਂਦਿਆਂ ਜਿਥੇ ਕਾਂਗਰਸ ਸਰਕਾਰ ਦੇ 10 ਸਾਲਾਂ ਨੂੰ ਪੰਜਾਬ ਅਤੇ ਦੇਸ਼ ਦੇ ਲਈ ਸਿਹਤਮੰਦ ਦੱਸਿਆ ਉਥੇ ਮੋਦੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਨੂੰ ਪੂਰੀ ਤਰ੍ਹਾਂ ਹਰ ਮੁੱਦੇ ‘ਤੇ ਫੇਲ੍ਹ ਕਰਾਰ ਦਿੱਤਾ।ਉਹ ਅੱਜ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ‘ਸੱਚ ਦਾ ਆਇਨਾ’ ਜਿਸ ਦੇ ਵਿਚ ਮੋਦੀ ਸਰਕਾਰ ਦੇ ਦੋ ਸਾਲਾਂ ਦੀ ਕਾਰਗੁਜਾਰੀ ਦਾ ਚਿੱਠਾ ਖੋਲ੍ਹਿਆਂ ਗਿਆ, ਦੇ ਕਿਤਾਬਚੇ ਨੂੰ ਰਲੀਜ਼ ਕਰਨ ਦੇ ਲਈ ਇਥੇ ਪੁੱਜੇ ਸਨ। ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਸਪਰਾ ਤੋਂ ਇਲਾਵਾ ਜ਼ਿਲੇ ਦੀ ਸਾਰੇ ਲੀਡਰਸ਼ਿਪ ਹਾਜ਼ਰ ਸੀ। ਕਿਤਾਬਚਾ ਰਲੀਜ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਜੋ ਆਪਣੇ ਦੋ ਸਾਲਾਂ ਦੀ ਕਾਰਗੁਜਾਰੀ ਦਾ ਜਸ਼ਨ ਮਨਾ ਰਹੀ ਹੈ। ਅਸਲ ਵਿਚ ਉਨ੍ਹਾਂ ਨੂੰ ਦੋ ਸਾਲ ਦੇਸ਼ ਦਾ ਬੁਰਾ ਹਾਲ ਕਰਕੇ ਲੋਕਾਂ ਦੇ ਜਖ਼ਮਾਂ ਵਿੱਚ ਲੂਣ ਧੂੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹੀ ਬੁਰੀ ਤਰ੍ਹਾਂ ਮੋਦੀ ਸਰਕਾਰ ਵੱਲੋਂ ਲੋਕਤੰਤਰ ਦੀਆਂ ਜੜ੍ਹਾਂ ਫਿਰਕੂਵਾਦੀ ਸੋਚ ਦੇ ਨਾਲ ਕੱਟਣੀਆਂ ਸ਼ੁਰੂ ਕੀਤੀਆਂ ਹਨ ਦੇਸ਼ ਦੇ ਲਈ ਖਤਰਾ ਬਣ ਸਕਦੀਆਂ ਹਨ।ਉਨ੍ਹਾਂ ਨੇ ਇਹ ਵੀ ਖਦਸਾ ਜਾਹਿਰ ਕੀਤਾ ਕਿ ਜੇ ਫਿਰਕੂਵਾਦੀ ਸ਼ਕਤੀਆਂ ਨੂੰ ਮੋਦੀ ਸਰਕਾਰ ਵੱਲੋਂ ਇੰਝ ਹੀ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਤਾਂ ਪੰਜਾਬ ਵਿਚ ਮੁੜ ਅੱਤਵਾਦ ਪੈਦਾ ਹੋ ਸਕਦਾ ਹੈ ਜਿਸ ਦੇ ਆਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।
ਉਨ੍ਹਾਂ ਨੇ ਕਾਂਗਰਸ ਦੇ 10 ਸਾਲਾਂ ਅਤੇ ਭਾਜਪਾ ਦੇ 2 ਸਾਲਾਂ ਵਿੱਚ ਆਈ ਗਿਰਾਵਟ ਨੂੰੂ ਤੱਥਾਂ ਦੇ ਅਧਾਰਿਤ ਦੱਸਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ, ਉਦਯੋਗਪਤੀਆਂ ਦੇ ਬੁਰੇ ਦਿਨ ਆਏ ਹਨ ਜਦੋਂ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਅਤੇ ਸਰਕਾਰੀ ਸਹੂਲਤਾਂ ਲੈਣ ਵਾਲਿਆਂ ਦੇ ਚੰਗੇ ਦਿਨ ਆਏ ਹਨ।ਇਸ ਸਮੇਂ ਉਨ੍ਹਾਂ ਨੇ ਅਡਾਨੀ, ਅੰਬਾਨੀ, ਬਾਬਾ ਰਾਮਦੇਵ ਅਤੇ ਹੋਰ ਕਈ ਲੋਕਾਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ ਜਿਨ੍ਹਾਂ ਨੇ ਰੱਜ ਕੇ ਸਰਕਾਰ ਦੀਆਂ ਸ਼ਕਤੀਆਂ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆਂ ਹੈ।ਉਨ੍ਹਾਂ ਦੇਸ਼ ਵਿਚ ਕਿਸਾਨ, ਅਰਥਵਿਵਸਥਾ, ਭ੍ਰਿਸ਼ਟਾਚਾਰ, ਕਾਲਾ ਧੰਨ, ਵਿਦੇਸ਼ ਨੀਤੀ, ਬਾਹਰੀ ਅਤੇ ਅੰਦਰੂਨੀ ਸੁਰੱਖਿਆ, ਵਿਦਿਆਰਥੀ ਵਰਗ, ਮਹਿਲਾਵਾਂ, ਆਦਿ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਸਰਕਾਰ ਸਾਬਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਰਹਿ ਕੇ ਇਹ ਹਿਟਲਰ ਵਾਲੀ ਤਾਨਾਸ਼ਾਹੀ ਸਰਕਾਰ ਸਾਬਤ ਹੋ ਰਹੀ ਹੈ।ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਉਨ੍ਹਾਂ ਵੱਖ ਵੱਖ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ ਜੋ ਯੂ.ਪੀ.ਏ ਸਰਕਾਰ ਵੱਲੋਂ ਚਲਾਈਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਦੇ ਅਧਾਰ ‘ਤੇ ਹੁਣ ਮੋਦੀ ਆਪਣੇ ਗੁਣਗਾਨ ਕਰਨ ‘ਤੇ ਲੱਗਾ ਹੋਇਆ ਹੈ। ਉਨ੍ਹਾਂ ਨੇ ਇਸ ਸਮੇਂ ਮੋਦੀ ਸਰਕਾਰ ਦੀਆਂ ਕੁਝ ਯੋਜਨਾਵਾਂ ਦੀ ਸਚਾਈ ਸਾਹਮਣੇ ਲਿਆਉਂਦਿਆਂ ਕਿਹਾ ਕਿ ਸਰਕਾਰ ਨੂੰ ਅੰਕੜਿਆਂ ਦੇ ਹੇਰ ਫੇਰ ਨਾਲ ਤਰੱਕੀ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਤਿਆਗ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਝੂਠ ਨੂੰ ਬਾਰ ਬਾਰ ਬੋਲ ਕੇ ਸੱਚ ਦੱਸਣਾ ਚਾਹੁੰਦੀ ਹੈ ਉਸ ਨੂੰ ਕਿਸੇ ਵੀ ਸੂਰਤ ਵਿਚ ਲੋਕ ਮਾਨਸਿਕਤਾ ਦਾ ਹਿੱਸਾ ਨਹੀਂ ਬਨਣ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ, ਖੇਤ ਮਜਦੂਰਾਂ ਅਤੇ ਦਿਹਾਤੀ ਲੋਕਾਂ ਨੂੰ ਸਭ ਤੋਂ ਵੱਡਾ ਖਮਿਆਜਾ ਭਾਜਪਾ ਸਰਕਾਰ ਬਣਾਉਣ ਦਾ ਭੁਗਤਣਾ ਪੈ ਰਿਹਾ ਹੈ।ਮੋਦੀ ਸਰਕਾਰ ਦੀ ਬ੍ਰਿਟਿਸ਼ ਸਾਸ਼ਨ ਨਾਲ ਤੁਲਣਾ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਕੋਈ ਖੇਤੀਬਾੜੀ ਦੇ ਲਈ ਸਹੀ ਸੋਚ ਨਾ ਹੋਣ ਦੇ ਕਾਰਨ 67 ਕਿਸਾਨ ਰੋਜਾਨਾ ਆਤਮ ਹੱਤਿਆਵਾਂ ਕਰ ਰਹੇ ਹਨ। ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਸੋਕਾ ਲੋਕਾਂ ਦੀ ਜਿੰਦਗੀ ਨੂੰ ਲੀਹੋ ਲਾ ਰਿਹਾ ਹੈ। ਬੇਰੁਜਗਾਰੀ ਅਤੇ ਗਰੀਬੀ ਨੇ ਸਮਾਜਿਕ ਤਾਣੇ ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਅੰਕੜੇ ਹੀ ਸਾਬਤ ਕਰਦੇ ਹਨ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਸਾਬਤ ਹੋ ਰਹੀ ਹੈ। ਇਸ ਸਮੇਂ ਉਨ੍ਹਾਂ ਨੇ ਕਾਂਗਰਸ ਕਾਲ ਦੇ ਦੌਰਾਨ ਦੇ ਅੰਕੜਿਆਂ ਨੂੰ ਮੋਦੀ ਦੇ ਅੰਕੜਿਆਂ ਨਾਲ ਤੁਲਨਾਉਂਦਿਆਂ ਦੱਸਿਆ ਕਿ ਕਾਲਾ ਬਜ਼ਾਰੀ ਅਤੇ ਜਮ੍ਹਾਂ ਖੋਰੀ ਨੂੰ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਉਹ ਆਪਣਾ ਉਹ ਵਾਅਦਾ ਵੀ ਪੂਰਾ ਨਹੀਂ ਕਰ ਸਕੀ ਜਿਸ ਦੇ ਵਿਚ ਕਿਸਾਨਾਂ ਦੇ ਨਾਲ ਘੱਟੋਂ ਘੱਟ ਸਮਰੱਥਨ ਮੁਲ ਦੇ ਵਿਚ 50 ਪ੍ਰਤੀਸ਼ਤ ਹੋਰ ਵਾਅਦਾ ਦਾ ਦਾਅਵਾ ਕੀਤਾ ਸੀ।ਉਨ੍ਹਾਂ ਨੇ ਇਸ ਸਮੇਂ ਦੱਸਿਆ ਕਿ 52 ਪ੍ਰਤੀਸ਼ਤ ਕਿਸਾਨ ਕਰਜ ਵਿਚ ਡੁੱਬਿਆ ਹੈ। ਅਤੇ 47 ਹਜ਼ਾਰ ਰੁਪਿਆ ਇਕ ਕਿਸਾਨ ‘ਤੇ ਆਉਂਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਵੀ ਸ਼ਰਮਨਾਕ ਦੱਸਿਆ ਕਿ ਇਸ ਪਾਸੇ ਪਾਕਿਸਤਾਨ ਵੱਲੋਂ ਸਿੱਧੇ ਤਰੀਕੇ ਦੇ ਨਾਲ ਆਪਣੀ ਜੰਗ ਜਾਰੀ ਰੱਖੀ ਹੋਈ ਹੈ ਅਤੇ ਦੂਜੇ ਪਾਸੇ ਮੋਦੀ ਦੇ ਨਰਮ ਰਵੱਈਆ ਦਾ ਲਾਭ ਉਠਾਉਂਦਿਆਂ ਵਿਰੋਧੀ ਸਾਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੀ ਅਸਲ 5.5 ਫੀਸਦੀ ਵਿਕਾਸ ਦਰ ਦੇ ਸੱਚ ਨੂੰ ਸਵੀਕਾਰੇ ਨਾ ਕਿ 7.6 ਫੀਸਦੀ ਦਰ ਦੇ ਝੂਠੇ ਵਿਖਾਵੇ ਕਰੇ।ਉਨ੍ਹਾਂ ਨੇ ਆਰ.ਬੀ.ਆਈ ਦੇ ਗਵਰਨਰ ਅਤੇ ਸਰਕਾਰ ਦੇ ਮੁੱਖ ਸਲਾਹਕਾਰ ਵੱਲੋਂ ਸੱਚ ਨੂੰ ਸਾਹਮਣੇ ਲਿਆਉਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਪੰਜਾਬੀ ਫਿਲਮ ‘ਉਡਤਾ ਪੰਜਾਬ’ ‘ਤੇ ਪਾਬੰਦੀ ਨੂੰੂ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੀ ਥਾਂ ਨਸ਼ਿਆ ਵੱਲ ਧੱਕਣ ਦਾ ਸੱਚ ਹੀ ਇਸ ਫਿਲਮ ‘ਤੇ ਪਾਬੰਦੀ ਦਾ ਕਾਰਨ ਬਣਿਆ ਹੈ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media