Friday, April 24, 2026

ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ

PPN3005201604
ਮਾਲੇਰਕੋਟਲਾ (ਸੰਦੌੜ), 30 ਮਈ (ਹਰਮਿੰਦਰ ਸਿੰਘ ਭੱਟ) – ਮੁਸਲਿਮ ਸਮਾਜ ਅੰਦਰ ਵਿਸ਼ੇਸ਼ ਧਾਰਮਿਕ ਮਹੱਤਵ ਰੱਖਣ ਵਾਲੇ 07 ਜੂਨ 2016 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੀਆਂ ਤਿਆਰੀਆਂ ਮਾਲੇਰਕੋਟਲਾ ਅੰਦਰ ਜਿਥੇ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਕੜਾਕੇ ਦੀ ਗਰਮੀ ਦੇ ਮੌਸਮ ‘ਚ ਰੌਜ਼ੇਦਾਰਾਂ ਨੂੰ ਬਿਜਲੀ ਦੇ ਕੱਟਾਂ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਉਣ ਲਈ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਰਮਜ਼ਾਨ-ਉਲ-ਮੁਬਾਰਕ ਦੇ ਪੂਰੇ ਮਹੀਨੇ ਦੌਰਾਨ ਸਬ ਡਿਵੀਜ਼ਨ ਮਲੇਰਕੋਟਲਾ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ (24 ਘੰਟੇ) ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਜਨਰਲ ਸਕੱਤਰ ਮੁਹੰਮਦ ਨਾਸਰ ਦੀ ਅਗਵਾਈ ਹੇਠ ਪਾਵਰਕਾਮ ਦੇ ਸਥਾਨਕ ਐਕਸ਼ੀਅਨ ਸ਼੍ਰੀ ਗੱਫੂਰ ਮੁਹੰਮਦ ਨੂੰ ਮਿਲਕੇ ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ। ਪ੍ਰਬੰਧਕ ਕਮੇਟੀ ਦੇ ਵਫਦ ਨੇ ਮੰਗ ਪੱਤਰ ‘ਚ ਦੱਸਿਆ ਕਿ ਰਮਜ਼ਾਨ-ਉਲ-ਮੁਬਾਰਕ ਦਾ ਪਵਿੱਤਰ ਮਹੀਨਾਂ 07 ਜੂਨ 2016 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਮੌਕੇ ਪੈ ਰਹੀ ਬੇਤਹਾਸ਼ਾ ਗਰਮੀ ਦੇ ਮੋਸਮ ਵਿੱਚ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ-ਉਲ-ਮੁਬਾਰਕ ਦੇ ਰੋਜ਼ੇ ਰੱਖਣ ਤੇ ਆਪਣੀ ਇਬਾਦਤ ਕਰਨ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ, ਇਸ ਲਈ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਾਲੇਰਕੋਟਲਾ ਸਬ ਡਵੀਜਨ ਅੰਦਰ ਵਿਸ਼ੇਸ਼ ਤੌਰ ‘ਤੇ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮੁਹੰਮਦ ਨਾਸਰ ਤੋਂ ਇਲਾਵਾ ਸਕੱਤਰ ਜ਼ਹੂਰ ਅਹਿਮਦ ਚੌਹਾਨ, ਮੁਹੰਮਦ ਉਸਮਾਨ ਸਿੱਦੀਕੀ, ਮੁਹੰਮਦ ਅਸ਼ਰਫ ਨੰਦਨ, ਮੁਹੰਮਦ ਸ਼ਕੀਲ, ਮੁਹੰਮਦ ਸ਼ਾਹਿਦ ਤੇ ਸਮਾਜ ਸੇਵੀ ਚੋਧਰੀ ਨਸੀਮ-ਉਰ-ਰਹਿਮਾਨ ਵੀ ਹਾਜ਼ਰ ਸਨ। ਪਾਵਰਕਾਮ ਦੇ ਐਕਸ਼ੀਅਨ ਸ਼੍ਰੀ ਜੀ.ਐਮ.ਭਾਦੜਾ ਨੇ ਮੰਗ ਪੱਤਰ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮੰਗ ਪੱਤਰ ਨੂੰ ਪ੍ਰਵਾਨਗੀ ਲਈ ਅੱਜ ਹੀ ਪਾਵਰਕਾਮ ਦੀ ਹਾਇਰ ਅਥਾਰਟੀ ਨੂੰ ਭੇਜ ਦੇਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁਸਲਿਮ ਭਾਈਚਾਰੇ ਦੇ ਇਸ ਪਵਿੱਤਰ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਵਿਭਾਗ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਮਲੇਰਕੋਟਲਾ ਸਮੇਤ ਸਬ ਡਿਵੀਜ਼ਨ ਮਾਲੇਰਕੋਟਲਾ ਅਧੀਨ ਪੈਂਦੇ ਮੁਸਲਿਮ ਬਹੁਲਤਾ ਵਾਲੇ ਪਿੰਡਾਂ ਅੰਦਰ ਰਮਜ਼ਾਨ ਦੇ ਮਹੀਨੇ ਦੌਰਾਨ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply