Tuesday, October 27, 2026

’ਦੇਗੋ ਤੇਗੋ ਫ਼ਤਹਿ ਮਾਰਚ’ ਯਾਤਰਾ ਗੁਰਦੁਆਰਾ ਬਾਲਾ ਸਾਹਿਬ ਤੋਂ ਅਰੰਭ

PPN3105201610

ਨਵੀਂ ਦਿੱਲੀ, 31 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦਾ ਸੁਨੇਹਾ ਦਿੱਲੀ ਦੀਆਂ ਸੰਗਤਾਂ ਤਕ ਪਹੁੰਚਾਉਣ ਲਈ ”ਦੇਗੋ ਤੇਗੋ ਫ਼ਤਹਿ ਮਾਰਚ” ਯਾਤਰਾ ਦੀ ਅੱਜ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਮੁਖ ਗ੍ਰੰਥੀ ਸਾਹਿਬਾਨ ਵੱਲੋਂ ਅਰਦਾਸ ਉਪਰੰਤ ਯਾਤਰਾ ਨੂੰ ਆਪਣੇ ਪਹਿਲੇ ਪੜਾਵ ਜਮਨਾਪਾਰ ਦੀਆਂ ਕਾੱਲੋਨੀਆਂ ਲਈ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਰਵਾਨਾ ਕੀਤਾ ਗਿਆ।
ਜੀ.ਕੇ ਨੇ ਯਾਤਰਾ ਸ਼ੁਰੂ ਕਰਨ ਦੇ ਮੁਖ ਕਾਰਨਾਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਸਮੂਹ ਕਾੱਲੋਨੀਆਂ ਨੂੰ ਸ਼ਹੀਦੀ ਸ਼ਤਾਬਦੀ ਸਮਾਗਮਾਂ ਨਾਲ ਜੋੜਨ ਲਈ ਕਮੇਟੀ ਵੱਲੋਂ ਉਕਤ ਉਪਰਾਲਾ ਕੀਤਾ ਗਿਆ ਹੈ।ਇਸ ਯਾਤਰਾ ਦੌਰਾਨ ਪਾਲਕੀ ਸਾਹਿਬ ਦੇ ਨਾਲ ਹੀ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਸ਼ਸ਼ਤ੍ਰਾਂ ਅਤੇ ਬਸਤ੍ਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਬਸ ਵੀ ਚਲੇਗੀ ਜਿਸ ਨਾਲ ਸੰਗਤਾਂ ਨੂੰ ਨਗਰ ਕੀਰਤਨ ਦੇ ਰੂਪ ਵਿਚ ਅਜਾਇਬਘਰ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲੇਗਾ। ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਕੋਸ਼ਿਸ਼ ਸਿੱਖ ਇਤਿਹਾਸ ਨੂੰ ਸੁੱਚਜੇ ਢੰਗ ਨਾਲ ਸੰਗਤਾਂ ਤਕ ਪਹੁੰਚਾਉਣ ਦੀ ਹੈ ਜਿਸ ਕਰਕੇ ਕਮੇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਹਜਾਰਾ ਸੰਗਤਾਂ ਵੱਲੋਂ ਇਸ ਮੌਕੇ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਚ ਹਾਜਰੀ ਭਰਨ ਨੂੰ ਜੀ.ਕੇ. ਨੇ ਸੰਗਤਾਂ ਦੇ ਉਤਸਾਹ ਨਾਲ ਜੋੜਦੇ ਹੋਏ ਵਿਰੋਧੀ ਧਿਰਾਂ ਨੂੰ ਆਪਣੀਆਂ ਨਜ਼ਰਾਂ ਇਧਰ ਵੀ ਘੁਮਾਉਣ ਦੀ ਤਾਕੀਦ ਕੀਤੀ। ਜੀ.ਕੇ ਨੇ ਕਿਹਾ ਕਿ ਅੱਜ ਕੁਝ ਲੋਕ ਏ.ਸੀ. ਕਮਰਿਆਂ ਵਿਚ ਬੈਠਕੇ ਕੌਮ ਦਾ ਭਵਿੱਖ ਅਤੇ ਉਤਸਾਹ ਆਪਣੇ ਝੂਠੇ ਦਾਅਵਿਆਂ ਦੇ ਨਾਲ ਤੈਅ ਕਰਨਾ ਚਾਹੁੰਦੇ ਹਨ ਪਰ ਇਸ ਮੁਹਿੰਮ ਨੂੰ ਦਿੱਲੀ ਦੀ ਸੂਝਵਾਨ ਸੰਗਤ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ। ਜੀ.ਕੇ ਨੇ ਵਿਅੰਗ ਕੀਤਾ ਕਿ ਜੇਕਰ ਸੂਰਜ ਚੜਿਆ ਹੋਵੇ ਤਾਂ ਕੋਈ ਕਹੇ ਕਿ ਰਾਤ ਹੈ, ਤੇ ਉਸਦੇ ਕਹੇ ਰਾਤ ਨਹੀਂ ਹੋ ਜਾਂਦੀ।
ਜੀ.ਕੇ. ਨੇ ਦੱਸਿਆ ਕਿ ਪਹਿਲੇ ਤਿੰਨ ਦਿਨ ਉਕਤ ਯਾਤਰਾ ਜਮਨਾ ਪਾਰ ਵਿੱਚ ਰਹੇਗੀ ਜਿਸ ਦੌਰਾਨ 31 ਮਈ ਸ਼ਾਮ ਨੂੰ ਯਾਤਰਾ ਦਾ ਰਾਤ੍ਰੀ ਵਿਸ਼ਰਾਮ ਗੁਰਦੁਆਰਾ ਹਰਿਗੋਬਿੰਦ ਇੰਕਲੈਵ, 1 ਜੂਨ ਨੂੰ ਰਾਤ੍ਰੀ ਵਿਸ਼ਰਾਮ ਡੇਰਾ ਬਾਬਾ ਕਰਮ ਸਿੰਘ ਅਤੇ 2 ਜੂਨ ਰਾਤ੍ਰੀ ਵਿਸ਼ਰਾਮ ਗੁਰਦੁਆਰਾ ਨਾਨਕਸਰ ਵਿਖੇ ਹੋਵੇਗਾ। ਜਮਨਾਪਾਰ ਤੋਂ ਬਾਅਦ ਯਾਤਰਾ ਦਿੱਲੀ ਦੀਆਂ ਵੱਖ-ਵੱਖ ਕਾੱਲੋਨੀਆਂ ਵਿਚ ਜਾਵੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਵੀ ਮੌਜੂਦ ਸਨ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply