
ਅਬੋਹਰ, 31 ਮਈ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ ਸ਼੍ਰੀਮਤੀ ਅਮਰਿਤਾ ਦੇਵੀ ਸਮੇਤ 363 ਰੁੱਖਾਂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਨੇਚਰ ਪਾਰਕ ਕਮ ਸਮਾਰਕ ਬਣਾਉਣ ਸਬੰਧੀ ਕੀਤੇ ਗਏ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਲਈ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਸੁਚਖੈਨ ਪਿੰਡ ਦੀ ਗਊਸ਼ਾਲਾ ਵਿਖੇ ਇਕ ਧੰਨਵਾਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਮੁੱਖ ਮਹਿਮਾਨ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਤੇਜ ਸਿੰਘ ਘੁੜਿਆਣਾ ਸਨ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ: ਗੁਰਤੇਜ ਸਿੰਘ ਘੁੜਿਆਣਾ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਿਸ਼ਨੋਈ ਭਾਈਚਾਰੇ ਦਾ ਰੁੱਖਾਂ ਅਤੇ ਜੀਵਾਂ ਦੀ ਸੰਭਾਲ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਰਾਖੀ ਲਈ ਅਮਰਿਤਾ ਦੇਵੀ ਬਿਸ਼ਨੋਈ ਵੱਲੋਂ ਆਪਣੇ ਪੂਰੇੇ ਪਰਿਵਾਰ ਸਮੇਤ ਕੁੱਲ 363 ਲੋਕਾਂ ਵੱਲੋਂ ਦਿੱਤੀ ਸ਼ਹਾਦਤ ਆਪਣੇ ਆਪ ਵਿਚ ਅਦੁੱਤੀ ਕੁਰਬਾਨੀ ਸੀ ਜੋ ਕਿ ਅੱਜ ਵੀ ਸਾਨੂੰ ਵਾਤਾਵਰਣ ਸੰਭਾਲ ਪ੍ਰਤੀ ਸੁਚੇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕੇ ਬਣਨ ਵਾਲਾ ਨੇਚਰ ਪਾਰਕ ਕਮ ਸ਼ਹੀਦੀ ਸਮਾਰਕ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਬਿਸ਼ਨੋਈ ਭਾਈਚਾਰੇ ਦੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂੰ ਕਰਵਾਉਂਦਾ ਰਹੇਗਾ ਅਤੇ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੰਭਾਲ ਲਈ ਜਾਗਰੂਕ ਕਰੇਗਾ। ਇਸ ਮੌਕੇ ਇਲਾਕੇ ਵੱਲੋਂ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਤੇਜ ਸਿੰਘ ਘੁੜਿਆਣਾ, ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਸ਼ਨੂੰ ਭਗਵਾਨ ਡੇਲੂ, ਯੂਥ ਅਕਾਲੀ ਦਲ ਮਾਲਵਾ ਜੋਨ 1 ਦੇ ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ, ਮਹਿਲਾ ਕਮਿਸ਼ਨ ਦੀ ਮੈਂਬਰ ਬੀਬੀ ਵੀਰਪਾਲ ਕੌਰ ਤਰਮਾਲਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਨੇ ਪਿੰਡ ਸੁਖਚੈਨ ਦੀ ਗਊਸ਼ਾਲਾ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਥੀ ਰਾਮ ਜ਼ਿਲ੍ਹਾ ਪ੍ਰਧਾਨ ਬੀ. ਸੀ.ਸੈਲ ਪ੍ਰਧਾਨ, ਸ਼੍ਰੀ ਅਕਸ਼ੈ ਬਿਸ਼ਨੋਈ, ਰਾਜਾ ਖੁੱਬਣ, ਦੌਲਤ ਰਾਮ ਸਰਪੰਚ ਰਾਮਪੁਰਾ, ਬਲਜਿੰਦਰ ਸਿੰਘ ਨਰੈਣਪੁਰਾ, ਪਵਨ ਕੁਮਾਰ ਸਰਪੰਚ ਰਾਜਾਂਵਾਲੀ, ਰਜਿੰਦਰ ਕੁਮਾਰ, ਸੁਨੀਲ ਕੁਮਾਰ ਆਦਿ ਵੀ ਹਾਜਰ ਸਨ।
Punjab Post Daily Online Newspaper & Print Media