
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਨੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਜੱਥਾ ਭੇਜਣ ਦਾ ਬਾਈਕਾਟ ਕਰਨ ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਤੇ ਸਿੱਖ ਸੰਗਤਾਂ ਨੂੰ ਖੁੱਲਾ ਸੱਦਾ ਦਿੰਦਿਆ ਕਿਹਾ ਕਿ ਜਿਹੜੀਆ ਸੰਗਤਾਂ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਨਾ ਚਾਹੁੰਦੀਆ ਹਨ, ਉਹਨਾਂ ਨੂੰ ਆਖਰੀ ਦਿਨ ਤੱਕ ਵੀ ਵੀਜ਼ਾ ਦਿੱਤਾ ਜਾਵੇਗਾ।
ਪਾਕਿਸਤਾਨ ਤੋ ਗੱਲਬਾਤ ਕਰਦਿਆ ਸz ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ੁਰੂ ਤੋ ਹੀ ਲਾਹੌਰ ਵਿੱਚ ਬੜੀ ਹੀ ਸ਼ਰਧਾ, ਭਾਵਨਾ ਤੇ ਗਰਮਜੋਸ਼ੀ ਨਾਲ ਮਨਾਇਆ ਜਾਂਦਾ ਰਿਹਾ ਹੈ ਅਤੇ ਲਾਹੌਰ ਦੇ 12 ਮੇਲਿਆਂ ਵਿੱਚ ਇਹ ਸਭ ਤੋ ਵੱਡਾ ਮੇਲਾ ਮੰਨਿਆ ਜਾਂਦਾ ਰਿਹਾ ਹੈ।ਉਹਨਾਂ ਕਿਹਾ ਕਿ ਵੰਡ ਤੋ ਪਹਿਲਾਂ ਇਹ ਦਿਹਾੜਾ ਹਿੰਦੂ, ਸਿੱਖ, ਇਸਾਈ ਤੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਮਨਾਉਦੇ ਰਹੇ ਹਨ ਅਤੇ ਅੱਜ ਵੀ ਉਸੇ ਤਰਾਂ ਹੀ ਮਨਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਬ ਬੋਰਡ ਵੱਲੋ ਸ਼ਹੀਦੀ ਦਿਹਾੜਾ 2003 ਤੋ ਸ਼ੁਰੂ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਦੀ ਰਾਇ ਨਾਲ 16 ਜੂਨ ਨੂੰ ਹੀ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੱਕੜ ਨੂੰ ਸ਼ਹੀਦੀ ਦਿਹਾੜੇ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਤੇ ਆਪਣੇ ਆਪ ਨੂੰ ਪੰਥਕ ਰਵਾਇਤਾਂ ਅਨੁਸਾਰ ਗੁਰ ਨੂੰ ਸਮਰਪਿਤ ਹੁੰਦਿਆਂ ਬਾਈਕਾਟ ਕਰਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਅਤੇ ਜੱਥਾ ਭੇਜ ਕੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਵਿੱਚ ਸੰਗਤਾਂ ਨੂੰ ਸ਼ਮੂਲੀਅਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਅੰਬੈਸੀ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਸਿੱਖ ਸੰਗਤਾਂ ਨੂੰ ਆਖਰੀ ਦਿਨ ਤੱਕ ਵੀ ਵੀਜ਼ੇ ਮੁਹੱਈਆ ਕਰਵਾਏ ਜਾਣ।
Punjab Post Daily Online Newspaper & Print Media