
ਅੰਮ੍ਰਿਤਸਰ, 9 ਜੂਨ (ਸੁਖਬੀਰ ਖੁਰਮਣੀਆ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਸਹੁਰਾ ਸ: ਦਵਿੰਦਰ ਸਿੰਘ ਗਰੇਵਾਲ, ਜੋ ਕਿ ਪੰਜਾਬ ਪੁਲਿਸ ਤੋਂ ਸੇਵਾਮੁਕਤ ਐੱਸ. ਪੀ. ਸਨ, ਦਾ ਬਿਮਾਰੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ।ਸ: ਗਰੇਵਾਲ 88 ਸਾਲਾਂ ਸਨ ਜੋ ਆਪਣੇ ਪਿੱਛੇ ਪਰਿਵਾਰ ਮੈਂਬਰਾਂ ਵਿੱਚ 2 ਲੜਕੇ ਅਤੇ 2 ਲੜਕੀਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ। ਅੱਜ ਸ਼ਾਮ ਕਰੀਬ 5:30 ਵਜੇ ਗੁਰਦੁਆਰਾ ਸ਼ਹੀਦਾਂ (ਸ਼ਹੀਦ ਗੰਜ) ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜਿਨ੍ਹਾਂ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ੍ਰੀ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦਿੱਤੀ।
ਸ: ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ: ਗਰੇਵਾਲ ਪਿਛੋਕੜ ਤੋਂ ਕਿਲ੍ਹਾ ਰਾਏਪੁਰ, ਜ਼ਿਲ੍ਹਾ ਲੁਧਿਆਣਾ ਦੇ ਸਨ, ਜਿਨ੍ਹਾਂ ਪੰਜਾਬ ਪੁਲਿਸ ਦੀ ਸੇਵਾ ਪੂਰੀ ਇਮਾਨਦਾਰ ਤੇ ਲਗਨ ਨਾਲ ਨਿਭਾਈ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਲਾਮੀ ਦਿੱਤੀ।ਇਸ ਦੁੱਖ ਦੇ ਘੜੀ ਵਿੱਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸ੍ਰੀ ਤਰੁਣ ਚੁੱਘ, ਰਾਜੇਸ਼ ਹਨੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਕਰਮਜੀਤ ਸਿੰਘ ਰਿੰਟੂ, ਪ੍ਰੋ: ਅਜਾਇਬ ਸਿੰਘ ਬਰਾੜ, ਡਾ. ਬਲਦੇਵ ਰਾਜ ਚਾਵਲਾ, ਪੁਲਿਸ ਕਮਿਸ਼ਨਰ ਸ: ਅਮਰਜੀਤ ਸਿੰਘ ਚਾਹਲ, ਐਸ. ਪੀ. ਕੇਵਲ ਕੁਮਾਰ, ਸਤਪਾਲ ਪਹਿਲਵਾਨ, ਕੰਵਲਜੀਤ ਸਿੰਘ ਅਰੋੜਾ ਵੇਰਕਾ, ਲਵਿੰਦਰ ਬੰਟੀ, ਆਰਟ ਗੈਲਰੀ ਅਤੇ ਖ਼ਾਲਸਾ ਕਾਲਜ ਦੇ ਸਮੂਹ ਮੈਂਬਰ ਅਤੇ ਕਾਲਜ ਦੇ ਸਮੂਹ ਪ੍ਰਿੰਸੀਪਲ ਸਟਾਫ਼ ਆਦਿ ਆਗੂਆਂ ਤੋਂ ਇਲਾਵਾ ਹੋਰ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ: ਛੀਨਾ ਨਾਲ ਦੁੱਖ ਦਾ ਇਜਹਾਰ ਕੀਤਾ ਗਿਆ।ਸ: ਛੀਨਾ ਨੇ ਦੱਸਿਆ ਕਿ ਸ: ਗਰੇਵਾਲ ਸਿੰਘ ਨਮਿਤ ਭੋਗ ਤੇ ਅੰਤਿਮ ਅਰਦਾਸ 14 ਜੂਨ ਦਿਨ ਮੰਗਲਵਾਰ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਏ-ਬੀ ਬਲਾਕ, ਰਣਜੀਤ ਐਵੀਨਿਊ ਵਿਖੇ ਦੁਪਿਹਰ 12:30 ਤੋਂ 1:30 ਵਜੇ ਦਰਮਿਆਨ ਹੋਵੇਗੀ।
Punjab Post Daily Online Newspaper & Print Media