
ਨਵੀਂ ਦਿੱਲੀ, 11 ਜੂਨ (ਪੰਜਾਬ ਪੋਸਟ ਬਿਊਰੋ)- ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀਆਂ ਸਰਗਰਮੀਆਂ ਨੂੰ ਦਿੱਲੀ ਵਿਖੇ ਵਧਾਉਣ ਵਾਸਤੇ ਪੰਥਕ ਸੋਚ ਦੇ ਜੱਜ਼ਬੇ ਤੇ ਪਹਿਰਾ ਦੇਣ ਵਾਲੇ ਨੌਜਵਾਨ ਆਗੂ ਖ਼ੁਸ਼ਵਿੰਦਰ ਸਿੰਘ ਵਾਲੀਆ ਨੂੰ ਫੈਡਰੇਸ਼ਨ ਦੀ ਦਿੱਲੀ ਇਕਾਈ ਦਾ ਜਨਰਲ ਸਕੱਤਰ ਥਾਪਿਆ ਗਿਆ ਹੈ। ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਨੇ ਵਾਲੀਆ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਪੰਥਕ ਕਾਰਜਾਂ ਦੀ ਲਹਿਰ ਦੇ ਹੋਰ ਪ੍ਰਚੰਡ ਹੋਣ ਦੀ ਵੀ ਆਸ਼ ਜਤਾਈ। ਫੈਡਰੇਸ਼ਨ ਨੇ ਕਿਹਾ ਕਿ ਦਿੱਲੀ ਵਿੱਚ ਸਿੱਖ ਨੌਜਵਾਨਾਂ ਨੂੰ ਫੈਡਰੇਸ਼ਨ ਦੇ ਨਾਲ ਜੋੜ ਕੇ ਧਰਮ ਪ੍ਰਚਾਰ ਅਤੇ ਇਤਿਹਾਸ ਦਰਸ਼ਨ ਵਾਸਤੇ ਵਿਸ਼ੇਸ਼ ਲਹਿਰ ਆਉਣ ਵਾਲੇ ਸਮੇਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਸਿਆਸੀ ਦਾਇਰੇ ਤੋਂ ਦੂਰ ਨਿਰੋਲ ਧਾਰਮਿਕ ਸੋਚ ਦੇ ਨੌਜਵਾਨ ਸਿੱਖ ਪੰਥ ਅਤੇ ਕੌਮ ਦੀ ਸੇਵਾ ਵਿਚ ਆਪਣਾ ਵੱਡਮੁੱਲਾ ਹਿੱਸਾ ਪਾ ਸਕਣ।ਨੌਜਵਾਨਾਂ ਨੂੰ ਫੈਡਰੇਸ਼ਨ ਦੇ ਨਾਲ ਜੁੜਨ ਦਾ ਵੀ ਉਨ੍ਹਾਂ ਨੇ ਸੱਦਾ ਦਿੱਤਾ।
ਵਾਲੀਆ ਨੇ ਜਾਣੇ ਅਣਜਾਣੇ ਵਿਚ ਸ਼ੋਸਲ ਮੀਡੀਆ ਤੇ ਸਿੱਖਾਂ ਦੇ ਖਿਲਾਫ਼ ਕੀਤੇ ਜਾਂਦੇ ਭੰਡੀ ਪ੍ਰਚਾਰ ਤੇ ਕਾਨੂੰਨੀ ਤਰੀਕੇ ਨਾਲ ਨੱਥ ਪਾਉਣ ਨੂੰ ਆਪਣੇ ਮੁਖ ਕਾਰਜਾਂ ਵਿਚ ਦੱਸਿਆ। ਵਾਲੀਆ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਸਿੱਖ ਕੌਮ ਸਰਬਤ ਦਾ ਭੱਲਾ ਮੰਗਦੀ ਅਤੇ ਕਰਦੀ ਹੈ ਪਰ ਸਿੱਖ ਸਿਧਾਂਤਾ ਦੀ ਚੜਦੀਕਲਾ ਨੂੰ ਨਾ ਬਰਦਾਸ਼ਤ ਕਰਨ ਵਾਲੇ ਸ਼ਰਾਰਤੀ ਅਨਸਰ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਤਰਲੋਮੱਛੀ ਹੋਏ ਰਹਿੰਦੇ ਹਨ। ਜਿਸ ਤੇ ਨਕੇਲ ਪਾਉਣਾ ਸਾਡੇ ਏਜੰਡੇ ਵਿਚ ਸਭਤੋਂ ਅੱਗੇ ਰਹੇਗਾ।ਭੰਡੀ ਪ੍ਰਚਾਰ, ਚੁਟਕੁਲਿਆਂ ਅਤੇ ਫ਼ਿਲਮਾਂ ਰਾਹੀਂ ਸਿੱਖਾਂ ਨੂੰ ਮਜ਼ਾਕ ਦਾ ਪਾੱਤਰ ਬਣਾਉਣ ਵਾਲੇ ਲੋਕਾਂ ਨੂੰ ਆਪਣੀ ਕੋਝੀ ਮੁਹਿੰਮ ਬੰਦ ਕਰਨ ਦੀ ਚੇਤਾਵਨੀ ਦਿੰਦੇ ਹੋਏ ਵਾਲੀਆ ਨੇ ਸਿੱਖਾਂ ਵੱਲੋਂ ਹੁਣ ਤੋਂ ਇਸ ਮਸਲੇ ਨੂੰ ਬਰਦਾਸ਼ਤ ਨਾ ਕਰਨ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਸਾਹਨੀ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਪਰਵਿੰਦਰ ਸਿੰਘ ਮੌਜੂਦ ਸਨ।
Punjab Post Daily Online Newspaper & Print Media