
ਹੋਣਹਾਰ ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਸਕਾਲਰਸ਼ਿਪ
ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਦੇ ਵਿਦਿਆਰਥੀ ਆਪਣੇ ਕੈਰੀਅਰ ਅਤੇ ਭਵਿੱਖ ਨੂੰ ਲੈ ਕੇ ਵਧੇਰੇ ਸੰਵੇਦਨਸ਼ੀਲ ਹੋਏ ਹਨ।ਵਿਦਿਆਰਥੀਆਂ ਦੀ ਪ੍ਰੋਫੈਸ਼ਨਲ ਕੋਰਸਾਂ ਪ੍ਰਤੀ ਜਾਗਰੂਕਤਾ ਪਹਿਲਾਂ ਨਾਲੋਂ ਵਧੀ ਹੈ। ਮੌਜੂਦਾ ਦੌਰ ਵਿੱਚ ਵਿਦਿਆਰਥੀ ਚੰਗੀ ਪਲੇਸਮੈਂਟ ਅਤੇ ਬਿਹਤਰ ਕੈਰੀਅਰ ਅਵਸਰ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਤਰਜੀਹ ਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ‘ਵਰਸਿਟੀ ਘੜੂੰਆਂ ਦੇ ਉਪ ਕੁਲਪਤੀ ਡਾ. ਆਰ. ਐੱਸ. ਬਾਵਾ ਨੇ ਅੱਜ ਇੱਥੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਸੰਬੋਧਤ ਹੁੰਦਿਆਂ ਕੀਤਾ। ਡਾ. ਬਾਵਾ ਨੇ ਇਸ ਮੌਕੇ ਕਿਹਾ ਕਿ ਆਧੁਨਿਕ ਸੰਚਾਰ ਮਾਧਿਅਮਾਂ ਅਤੇ ਇੰਟਰਨੈੱਟ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਦੇ ਮਿਆਰ ਅਤੇ ਪਰੰਪਰਾਗਤ ਕੋਰਸਾਂ ਦੀ ਥਾਂ ਨਵੇਂ ਕਿੱਤਾਮੁਖੀ ਕੋਰਸਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਇੰਜੀਨੀਅਰਿੰਗ ਅਤੇ ਮੈਡੀਕਲ ਤੋਂ ਇਲਾਵਾ ਇੰਡਸਟਰੀ ਦੀ ਮੰਗ ਮੁਤਾਬਕ ਨਿਵੇਕਲੇ ਕੋਰਸਾਂ ਨੂੰ ਵਧੇਰੇ ਤਰਜੀਹ ਦੇ ਰਹੇ ਹਨ।
ਡਾ. ਬਾਵਾ ਨੇ ਮਾਝਾ ਖੇਤਰ ਦੇ ਵਿਦਿਆਰਥੀਆਂ ਦੇ ਚੰਡੀਗੜ੍ਹ ਵਾਲੇ ਪਾਸੇ ਨੂੰ ਵੱਧਦੇ ਰੁਝਾਨ ਬਾਰੇ ਗੱਲ ਕਰਦੇ ਹੋਏ ਆਖਿਆ ਕਿ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਨੇ ਇੰਡਸਟਰੀ ਅਤੇ ਕੌਮਾਂਤਰੀ ਯੂਨੀਵਰਸਿਟੀਆਂ ਨਾਲ ਗੱਠਜੋੜ ਕਾਇਮ ਕਰਨ ਪੱਖੋਂ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿ ਵੱਡੀ ਗਿਣਤੀ ਵਿੱਚ ਮਲਟੀਨੈਸ਼ਨਲ ਕੰਪਨੀਆਂ ਦੀ ਆਮਦ ਵੀ ਮਾਝੇ ਸਮੇਤ ਪੂਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਜਾ ਕੇ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ। ਉਪ-ਕੁਲਪਤੀ ਨੇ ਮਾਝੇ ਨਾਲ ਸਬੰਧਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੇ 690 ਵਿਦਿਆਰਥੀਆਂ ਦੇ ਹਵਾਲੇ ਨਾਲ ਕਿਹਾ ਕਿ ਅਕਾਦਮਿਕ ਪ੍ਰਤੀਬੱਧਤਾ ਅਤੇ ਕੈਂਪਸ ਪਲੇਸਮੈਂਟ ਦੇ ਖੇਤਰ ਵਿੱਚ ਅੰਮ੍ਰਿਤਸਰ ਅਤੇ ਇਸਦੇ ਨੇੜਲੇ ਖੇਤਰਾਂ ਨਾਲ ਸਬੰਧਤ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ਼ ਹੈ।ਉਨ੍ਹਾਂ ਮਾਝਾ ਖਿੱਤੇ ਨਾਲ ਸਬੰਧਤ ‘ਵਰਸਿਟੀ ਦੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਕਤ ਵਿਦਿਆਰਥਣ ਨੇ ਹੈਵਲੈੱਟ ਪੈਕਰਡ (ਐੱਚ.ਪੀ.), ਵਿਪਰੋ, ਕੌਗਨੀਜੈਂਟ, ਐੱਲ. ਐਂਡ ਟੀ. ਇਨਫੋਟੈੱਕ ਅਤੇ ਕੈਪਜੈਮਿਨੀ ਜਿਹੀਆਂ ਚੋਟੀ ਦੀਆਂ ਪੰਜ ਪ੍ਰਮੁੱਖ ਬਹੁ-ਕੌਮੀ ਕੰਪਨੀਆਂ ਵੱਲੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਇਲਾਕੇ ਅਤੇ ‘ਵਰਸਿਟੀ ਦਾ ਵੱਡਾ ਮਾਣ ਵਧਾਇਆ ਹੈ। ਉਨ੍ਹਾਂ ਮਾਝੇ ਦੇ ਹੀ ਇੱਕ ਹੋਰ ਵਿਦਿਆਰਥੀ ਜਸਕਰਨ ਸਿੰਘ ਨੇ ਵਿਪਰੋ, ਐੱਲ. ਐਂਡ ਟੀ. ਇਨਫੋਟੈੱਕ, ਕੈਪਜੈਮਿਨੀ ਅਤੇ ਐੱਨ.ਈ.ਸੀ. ਟੈਕਨਾਲੌਜੀਜ਼ ਜਿਹੀਆਂ 4 ਉੱਘੀਆਂ ਕੰਪਨੀਆਂ ਵਿੱਚ 6 ਲੱਖ ਤੱਕ ਦੇ ਆਕਰਸ਼ਕ ਤਨਖਾਹ ਪੈਕੇਜ ‘ਤੇ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਕੇ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਡਾ. ਬਾਵਾ ਨੇ ਮੰਨਿਆ ਕਿ ਮਾਝਾ ਖੇਤਰ ਦੀ ਸਕੂਲ ਸਿੱਖਿਆ ਵਿੱਚ ਹੋਏ ਮਿਆਰੀ ਸੁਧਾਰਾਂ ਦੀ ਬਦੌਲਤ ਇੱਥੋਂ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਵਿੱਚ ਕਾਰਗੁਜ਼ਾਰੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ।
ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਉੱਚ ਪੱਧਰੀ ਅਵਸਰ ਪ੍ਰਦਾਨ ਕਰਨ ਲਈ 33 ਦੇਸ਼ਾਂ ਦੀਆਂ 100 ਤੋਂ ਵੱਧ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਗੱਠਜੋੜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਵਰਸਿਟੀ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਪਾਈ ਇਸ ਅਕਾਦਮਿਕ ਸਾਂਝ ਦਾ ਵਿਦਿਆਰਥੀਆਂ ਨੂੰ ਵੱਡਾ ਲਾਭ ਪੁੱਜ ਰਿਹਾ ਹੈ। ਉਨ੍ਹਾਂ ਡਿਜ਼ਨੀ ਵਰਲਡ ਵਿੱਚ ਟ੍ਰੇਨਿੰਗ ਹਾਸਲ ਕਰਨ ਉਪਰੰਤ 12 ਲੱਖ ਦੇ ਉੱਚੇ ਤਨਖਾਹ ਪੇਕੇਜ ‘ਤੇ ਨੌਕਰੀ ਲਈ ਚੁਣੀ ਗਈ ਹੋਟਲ ਮੈਨੇਜਮੈਂਟ ਦੀ ਵਿਦਿਆਰਥਣ ਸ਼ਰਿਆ ਸੱਚਦੇਵਾ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਰਮਨਦੀਪ ਸਿੰਘ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨਾਲ ਸਾਂਝੇ ਪ੍ਰੋਜੈਕਟਾਂ ‘ਤੇ ਕੰਮ ਕਰਨ ਨਾਲ ਸਾਡੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਵਿਵਹਾਰਕ ਅਨੁਭਵ ਪ੍ਰਾਪਤ ਹੋਇਆ ਹੈ। ਬਹੁ-ਕੌਮੀ ਕੰਪਨੀਆਂ ਵੀ ਅਜਿਹੇ ਵਿਦਿਆਰਥੀਆਂ ਨੂੰ ਪਲੇਸਮੈਂਟ ਆਫਰਜ਼ ਪ੍ਰਦਾਨ ਕਰਨ ਵੇਲੇ ਵਧੇਰੇ ਤਰਜੀਹ ਦਿੰਦੀਆਂ ਹਨ। ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਫਿਲਮ ਪ੍ਰੋਡੱਕਸ਼ਨ, ਮੈਕਾਟ੍ਰੋਨਿਕਸ, ਐਰੋਸਪੇਸ, ਪੈਟਰੋਲੀਅਮ ਇੰਜੀਨੀਅਰਿੰਗ ਐਗਰੀ ਬਿਜ਼ਨਸ ਜਿਹੇ ਨਿਵੇਕਲੀ ਖੇਤਰਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੱਦਾ ਦਿੰਦੇ ਹੋਏ ਆਖਿਆ ਕਿ ‘ਵਰਸਿਟੀ ਵੱਲੋਂ ਮਾਝੇ ਦੇ ਹੋਣਹਾਰ ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸਦੀ ਵਿਸਤਰਿਤ ਜਾਣਕਾਰੀ ‘ਵਰਸਿਟੀ ਦੀ ਵੈੱਬਸਾਈਟ ਾਾਾ.ਚੁਚਹਦ.ਨਿ ਉੱਤੇ ਉਪਲਬਧ ਹੈ।
ਉਪ-ਕੁਲਪਤੀ ਨੇ ਆਖਿਆ ਕਿ ਹਾਲ ਹੀ ਵਕਾਰੀ ਅੰਗਰੇਜ਼ੀ ਮੈਗ਼ਜ਼ੀਨ ‘ਦਾ ਵੀਕ’ ਨੇ ਸਾਲ 2016 ਲਈ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ਬਾਰੇ ਜਾਰੀ ਕੀਤੀ ਤਾਜ਼ਾ ਰੈਂਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਨੂੰ ਬਿਟਸ ਪਿਲਾਨੀ ਅਤੇ ਥਾਪਰ ਜਿਹੀਆਂ ਵਕਾਰੀ ਇੰਜੀਨੀਅਰਿੰਗ ਸੰਸਥਾਵਾਂ ਦੇ ਨਾਲ ਉੱਤਰੀ ਭਾਰਤ ਦੀਆਂ ਸਰਵੋਤਮ 5 ਇੰਜੀਨੀਅਰਿੰਗ ਸੰਸਥਾਵਾਂ ਵਿੱਚ ਸ਼ੁਮਾਰ ਕੀਤਾ ਹੈ। ਡਾ. ਬਾਵਾ ਨੇ ਸਾਲ 2015 ਦੀਆਂ ਪਲੇਸਮੈਂਟ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਇਸ ਵਰ੍ਹੇ ‘ਵਰਸਿਟੀ ਨੇ ਰਿਕਾਰਡ 425 ਬਹੁ-ਕੌਮੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ ਲਈ ਬੁਲਾ ਕੇ 4690 ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ, ਇਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਅਜਿਹੇ ਸਨ ਜੋ ਇੱਕ ਤੋਂ ਵੱਧ ਕੰਪਨੀਆਂ ਦੀ ਪਲੇਸਮੈਂਟ ਆਫਰ ਪ੍ਰਾਪਤ ਕਰਨ ਵਿੱਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਸਾਲ 2015 ਦੌਰਾਨ ਉੱਘੀ ਕੰਪਨੀ ਐਮਾਜ਼ੋਨ ਨੇ ਸਭ ਤੋਂ ਵੱਧ 22.5 ਲੱਖ ਤੱਕ ਦੇ ਉੱਚੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ।
Punjab Post Daily Online Newspaper & Print Media