Monday, March 16, 2026

ਕਿਸਾਨ ਮੋਰਚੇ ਦੌਰਾਨ ਮਰੇ ਖੇਤ ਮਜ਼ਦੂਰ ਰੱਲਾ ਸਿੰਘ ਦੇ ਪਰਿਵਾਰ ਨੂੰ 10 ਲੱਖ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ

ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਮਈ ਮਹੀਨੇ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਚੱਲ ਰਹੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚੇ ਦੌਰਾਨ ਖੇਤ ਮਜ਼ਦੂਰ ਰੱਲਾ ਸਿੰਘ ਵਾਸੀ ਪਿੰਡ ਦੋਦੜਾ ਦੀ 16 ਜੂਨ ਨੂੰ ਮੌਤ ਹੋ ਗਈ ਸੀ, ਜਿਸ ਪਿਛੋ ਮੋਰਚਾ ਲਗਾਈ ਬੈਠੇ ਕਿਸਾਨ ਮਜ਼ਦੂਰਾਂ ਦਾ ਗੁੱਸਾ ਹੋਰ ਭੜਕ ਗਿਆ ਸੀ।ਪ੍ਰਦਰਸ਼ਨਕਾਰੀ ਕਿਸਾਨਾਂ-ਮਜਦੂਰਾਂ ਨੇ ਮ੍ਰਿਤਕ ਰੱਲਾ ਸਿੰਘ ਦੇ ਪੀੜਤ ਪਰਿਵਾਰ ਨੂੰ 10 ਲੱਖ਼ ਰੁਪਏ ਮੁਆਵਜ਼ਾ ਅਤੇੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਤੱਕ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਅਤੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਪਿਛਲੇ 5 ਦਿਨਾਂ ਤੋਂ ਮੁਆਵਜ਼ੇ ਸਮੇਤ ਉਕਤ ਮੰਗਾਂ ਨੂੰ ਲੈ ਕੇ ਰੇੜਕਾ ਚੱਲਿਆ ਆ ਰਿਹਾ ਸੀ ਅਤੇ ਅੱਜ ਪ੍ਰਸ਼ਾਸਨ ਵਲੋਂ ਪ੍ਰੀੜਤ ਪਰਿਵਾਰ ਨੂੰ 10 ਲੱਖ਼ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਭਰੋਸਾ ਦਿੱਤੇ ਜਾਣ ਪਿਛੋ  ਮੁਆਵਜੇ ਦੀ  ਪਹਿਲੀ ਕਿਸ਼ਤ ਵਜੋਂ 5  ਲੱਖ ਰੁਪਏ ਦਾ ਚੈਕ  ਤਹਿਸੀਲਦਾਰ ਬਠਿੰਡਾ ਵਲੋਂ ਮ੍ਰਿਤਕ ਦੀ ਪਤਨੀ ਮੂਰਤੀ ਦੇਵੀ ਨੂੰ ਸੌਪਣ ਪਿਛੋ ਇਹ ਰੇੜਕਾ ਖ਼ਤਮ ਹੋ ਗਿਆ। ਪ੍ਰਸ਼ਾਸਨ ਵੱਲੋ ਮੁਆਵਜ਼ੇ ਦੀ ਦੂਜੀ ਕਿਸ਼ਤ 5 ਲੱਖ ਰੁਪਏ 22 ਜੂਨ ਨੂੰ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਜਿਸ ਪਿਛੋ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਸਿਵਲ ਹਸਪਤਾਲ ਬਠਿੰਡਾ ਵਿਖ਼ੇ ਮ੍ਰਿਤਕ ਰੱਲਾ ਸਿੰਘ ਦੀ ਲਾਸ਼ ਦਾ 5 ਦਿਨਾ ਬਾਅਦ ਪੋਸਟ ਮਾਰਟਮ ਕਰਵਾਉਣ ਪਿਛੋ ਲਾਸ਼ ਨੂੰ ਉਸ ਦੇ ਜੱਦੀ ਪਿੰਡ ਦੋਦੜਾ ਵਿਖ਼ੇ ਸਸਕਾਰ ਲਈ ਫੁੱਲਾਂ ਨਾਲ ਸੱਜੀ ਇੱਕ ਗੱਡੀ ਵਿਚ ਲਿਜਾਇਆ ਗਿਆ।
ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੌਰਾਨ ਮੀਟਿੰਗਾਂ ਹੋ ਚੁੱਕੀਆਂ ਸਨ ਅਤੇ  ਉਕਤ ਮੰਗ ਨੂੰ  ਲੈ ਕੇ ਕਿਸਾਨਾਂ ਨੇ  ਕਰੀਬ 2 ਘੰਟੇ ਸੜ੍ਹਕ ਜਾਮ ਕਰਕੇ ਪ੍ਰਸ਼ਾਸਨ ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤਾ ਸੀ।ਉਕਤ ਰੇੜਕਾ ਖਤਮ ਹੋਣ ਦੇ ਬਾਵਜੂਦ ਕਿਸਾਨ-ਮਜ਼ਦੂਰਾਂ ਦਾ ਪੱਕਾ ਮੋਰਚਾ ਅੱਜ  ਵੀ ਬਾਦਸਤੂਰ ਜਾਰੀ ਰਿਹਾ। ਇਸ ਦੌਰਾਨ ਕਿਸਾਨ ਅਤੇ ਮਜ਼ਦੂਰ ਆਗੂਆਂ ਜਿੰਨ੍ਹਾਂ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ,ਰਾਮ ਸਿੰਘ ਭੈਣੀ ਬਾਘਾ ਆਦਿ ਨੇ ਕਿਸਾਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਦੌਹਰਾਉਦਿਆਂ ਸਰਕਾਰ ਵਿਰੁੱਧ ਤਿੱਖ਼ੀਆਂ ਤਕਰੀਰਾਂ ਕੀਤੀਆਂ।ਕਿਸਾਨ ਆਗੂਆਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ  ਵਚਨ ਦੋਹਰਾਇਆ।ਅੱਜ ਸੰਬੋਧਨ ਕਰਨ ਵਾਲਿਆਂ ਵਿਚ ਮਹਿੰਦਰ ਸਿੰਘ ਰੋਮਾਣਾ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀਬਾਘਾ,ਇਕਬਾਲ ਸਿੰਘ ਫਫੜੇ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਜੋਗਿੰਦਰ ਸਿੰਘ ਦਿਆਲਪੁਰਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿਥੋ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੁਰਮੁੱਖ ਸਿੰਘ ਸੇਲਬਰਾਹ ਸਾਮਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply