
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਵਿਚ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਰਹੇ ਪ੍ਰਵਾਸੀ ਸਮਾਜ ਦੇ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਸਨ ਪਰੰਤੂ ਹੁਣ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਰਿਜ਼ਰਵੇਸ਼ਨ ਸੈੱਲ ਵੱਲੋਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਇਹ ਸਰਟੀਫਿਕੇਟ ਜਾਰੀ ਕਰਨ ਬਾਰੇ ਸਪੱਸ਼ਟੀਕਰਨ ਦਿੰਦਿਆਂ ਪੱਤਰ ਭੇਜੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਆਰ. ਸੀ ਯਾਦਵ ਨੇ ਦੱਸਿਆ ਕਿ ਇਸ ਨਾਲ ਪੰਜਾਬ ਵਿੱਚ ਰਹਿੰਦੇ 39 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਇਸਦੇ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਮੈਂਬਰ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਸ੍ਰੀ ਮਹੇਸ਼ ਵਰਮਾ ਵੀ ਉਨ੍ਹਾਂ ਦੇ ਨਾਲ ਸਨ।
ਚੇਅਰਮੈਨ ਸ੍ਰੀ ਆਰ. ਸੀ ਯਾਦਵ ਨੇ ਦੱਸਿਆ ਕਿ ਭਲਾਈ ਵਿਭਾਗ ਵੱਲੋਂ ਜਾਰੀ ਪੱਤਰਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਦੂਜੇ ਰਾਜਾਂ ਤੋਂ ਪੰਜਾਬ ਵਿਚ ਪ੍ਰਵਾਸੀ ਸਮਾਜ ਦੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਾ ਸਰਟੀਫਿਕੇਟ ਜਾਰੀ ਕੀਤੇ ਜਾਣੇ ਹਨ, ਭਾਵੇਂ ਉਸ ਵਿਅਕਤੀ ਦੀ ਜਾਤੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੀ ਸੂਚੀ ਵਿਚ ਸ਼ਾਮਿਲ ਨਾ ਵੀ ਹੋਵੇ। ਉਨ੍ਹਾਂ ਦੱਸਿਆ ਕਿ ਜਾਰੀ ਪੱਤਰ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰਵਾਸੀ ਸਮਾਜ ਦਾ ਵਿਅਕਤੀ ਕੇਵਲ ਆਪਣੇ ਉੱਤਪਤੀ ਰਾਜ ਤੋਂ ਹੀ ਲਾਭ ਲੈ ਸਕਦੇ ਹਨ ਅਤੇ ਇਹ ਵਿਅਕਤੀ ਪੰਜਾਬ ਰਾਜ ਦੀਆਂ ਅਨੁਸੂਚਿਤ ਜਾਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੀਆਂ ਸਹੂਲਤਾਂ/ਲਾਭ ਦੇ ਹੱਕਦਾਰ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਭਲਾਈ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹਨ।
ਚੇਅਰਮੈਨ ਸ੍ਰੀ ਯਾਦਵ ਨੇ ਕਿਹਾ ਕਿ ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਜਾਤੀ ਨੂੰ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਵਜੋਂ ਨੋਟੀਫਾਈ ਕਰਨ ਦੀ ਮਿਤੀ ਵਾਲੇ ਦਿਨ, ਉਸ ਜਾਤੀ/ਕਬੀਲੇ ਨਾਲ ਸਬੰਧਤ ਵਿਅਕਤੀ ਦੀ ਰਿਹਾਇਸ਼ ਦੀ ਵਿਸ਼ੇਸ਼ ਮਹੱਤਤਾ ਹੈ। ਜਿਹੜੇ ਵਿਅਕਤੀ, ਉਨ੍ਹਾਂ ਦੀ ਜਾਤੀ ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਨੋਟੀਫਾਈ ਹੋਣ ਵਾਲੇ ਦਿਨ, ਪੰਜਾਬ ਰਾਜ ਦੇ ਪੱਕੇ ਵਸਨੀਕ ਸਨ, ਉਹ, ਉਨ੍ਹਾਂ ਦੇ ਬੱਚੇ, ਉਨ੍ਹਾਂ ਦੇ ਬੱਚਿਆਂ ਦੇ ਬੱਚੇ ਆਦਿ ਹੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਹਨ ਅਤੇ ਅਨੁਸੂਚਿਤ ਜਾਤੀ ਦਾ ਲਾਭ ਲੈਣ ਸਬੰਧੀ ਉਕਤ ਵਿਅਕਤੀਆਂ ਦਾ ਉੱਤਪਤੀ ਰਾਜ ਪੰਜਾਬ ਹੈ। ਪੰਜਾਬ ਰਾਜ ਤੋਂ ਇਲਾਵਾ ਭਾਰਤ ਦੇ ਕਿਸੇ ਹੋਰ ਰਾਜ/ਸੰਘ-ਸ਼ਾਸਿਤ ਖੇਤਰ ਦੀ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਨਾਲ ਸਬੰਧਤ ਜਿਹੜੇ ਵਿਅਕਤੀ, ਆਪਣੇ ਉੱਤਪਤੀ ਰਾਜ ਤੋਂ ਪੰਜਾਬ ਵਿਚ ਆਏ ਹਨ, ਅਨੁਸੂਚਿਤ ਜਾਤੀ ਦਾ ਲਾਭ ਲੈਣ ਸਬੰਧੀ ਉਨ੍ਹਾਂ ਨੂੰ ਮਾਈਗ੍ਰੇਟਿਡ ਵਿਅਕਤੀ ਮੰਨਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਮਾਈਗ੍ਰੇਟਿਡ ਵਿਅਕਤੀ ਦੇ ਮਾਤਾ-ਪਿਤਾ ਨੂੰ ਉਸ ਵਿਅਕਤੀ ਦੇ ਉੱਤਪਤੀ ਰਾਜ ਦੀ ਮੁਕੱਰਰ ਅਥਾਰਟੀ ਵੱਲੋਂ ਜਾਰੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ‘ਤੇ ਮਾਈਗ੍ਰੇਟਿਡ ਵਿਅਕਤੀ ਨੂੰ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ, ਪਰੰਤੂ ਜੇਕਰ ਸਰਟੀਫਿਕੇਟ ਜਾਰੀ ਕਰਨ ਵਾਲੀ ਅਥਾਰਟੀ ਨੂੰ ਲਗਦਾ ਹੈ ਕਿ ਮਾਈਗ੍ਰੇਟਿਡ ਵਿਅਕਤੀ ਨੂੰ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਵਿਸਤ੍ਰਿਤ ਜਾਂਚ ਕਰਨ ਦੀ ਲੋੜ ਹੈ ਤਾਂ ਉਕਤ ਜਾਂਚ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਮਾਈਗ੍ਰੇਟਿਡ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਈ-ਡਿਸਟ੍ਰਿਕ ਬਿਨੇਪੱਤਰ/ਸੁਵਿਧਾ ਸੈਂਟਰਾਂ ਰਾਹੀਂ ਹਾਲੇ ਜਾਰੀ ਨਹੀਂ ਹੋ ਸਕਦੇ ਤਾਂ ਫਿਲਹਾਲ ਇਹ ਸਰਟੀਫਿਕੇਟ ਮੈਨੁਅਲ ਤੌਰ ‘ਤੇ ਹੀ ਜਾਰੀ ਕੀਤੇ ਜਾਣ ਤਾਂ ਜੋ ਇਨ੍ਹਾਂ ਮਾਈਗ੍ਰੇਟਿਡ ਵਿਅਕਤੀਆਂ ਨੂੰ ਭਾਰਤ ਸਰਕਾਰ/ਉਨ੍ਹਾਂ ਦੇ ਉੱਤਪਤੀ ਰਾਜ ਤੋਂ ਅਨੁਸੂਚਿਤ ਜਾਤੀ ਦੇ ਲਾਭ ਮਿਲ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਵਾਸੀ ਸਮਾਜ ਦੇ ਕਿਸੇ ਵਿਅਕਤੀ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਹੈ ਤਾਂ ਉਹ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਦਫ਼ਤਰ ਟਾਵਰ ਨੰ: 4, 5ਵੀਂ ਮੰਜ਼ਿਲ, ਫਾਰੈਸਟ ਕੰਪਲੈਕਸ, ਸੈਕਟਰ-68, ਐਸ ਏ ਐਸ ਨਗਰ ਮੁਹਾਲੀ ਵਿਖੇ ਬੋਰਡ ਦੇ ਸੁਪਰਡੈਂਟ ਸ. ਜਸਵੰਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ।
Punjab Post Daily Online Newspaper & Print Media