
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆ ) – ਇਤਿਹਾਸਕ ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਮੈਨੇਜ਼ਮੈਂਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਉਂਕ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਛੇੜੀ ਗਈ। ਜਿਸ ਤਹਿਤ ਪ੍ਰਿੰ: ਡਾ. ਮਹਿਲ ਸਿੰਘ ਨਾਲ ਮਿਲ ਕੇ ਮਾਹਿਰਾਂ ਦੀ ਇਕ ਟੀਮ ਨੇ 300 ਏਕੜ ਵਿੱਚ ਫੈਲੇ ਕੈਂਪਸ ਵਿੱਚ 150 ਜਗ੍ਹਾ ‘ਤੇ ਸਿਉਂਕ ਦੀਆਂ ਵਰਮੀਆਂ ਦੀ ਸ਼ਨਾਖਤ ਕਰਨ ਉਪਰੰਤ ਇੰਨ੍ਹਾਂ ਦੇ ਖ਼ਾਤਮੇ ਲਈ ਕਾਰਵਾਈ ਆਰੰਭੀ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਿਉਂਕ ਨਾਲ ਇਤਿਹਾਸਕ ਕਾਲਜ ਕੈਂਪਸ ਅੰਦਰ ਪੁਰਾਤਨ ਅਤੇ ਵਿਰਾਸਤੀ ਇਮਾਰਤਾਂ ਦੇ ਬੂਹੇ-ਬਾਰੀਆਂ ਦੀ ਲੱਕੜ ਅਤੇ ਫਰਨੀਚਰ ਦੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਫ਼ਾਰਮ ਸੈਕਟਰੀ ਸ: ਰਾਜਬੀਰ ਸਿੰਘ ਨਾਲ ਵਿਚਾਰ-ਵਟਾਂਦਰੇ ਕਰਨ ਉਪਰੰਤ ਵਰਮੀਆਂ ਦੇ ਖਾਤਮੇ ਲਈ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਲਈ ਸਿਉਂਕ ਨੂੰ ਨਸ਼ਟ ਕਰਨਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਿਉਂਕ ਦੀ ਇਕ ਵਰਮੀ ਢਾਈ ਤੋਂ 3 ਕਿਲੋਮੀਟਰ ਤੱਕ ਨੁਕਸਾਨ ਕਰਦੀ ਹੈ। ਜਿਸ ਸਬੰਧੀ ਸਿਉਂਕ ਦੀਆਂ ਵਰਮੀਆਂ ਦੇ ਉਪਰੋਂ ਮਿੱਟੀ ਪਾਸੇ ਕਰਕੇ ਦਵਾਈ (ਸਲਫ਼ਾਸ) ਤੇ ਪਾਣੀ ਦੇ ਘੋਲ ਨਾਲ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਉਪਰੋ ਮਿੱਟੀ ਦਾ ਲੇਪ ਕਰਕੇ ਵਰਮੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਂਪਸ ਵਿੱਚ ਵਰਮੀਆਂ ਖਤਮ ਹੋਣ ਨਾਲ ਕਾਲਜ ਦੀ ਕੀਮਤੀ ਜਾਇਦਾਦ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਾਲ ਵਿੱਚ 2 ਵਾਰ ਅਜਿਹੀ ਮੁਹਿੰਮ ਚਲਾ ਕੇ ਸਿਉਂਕ ਦਾ ਮੁਕੰਮਲ ਤੌਰ ‘ਤੇ ਖਾਤਮਾ ਕੀਤਾ ਜਾਵੇਗਾ।
ਖੇਤੀਬਾੜੀ ਵਿਭਾਗ ਦੇ ਪ੍ਰੋ: ਕੰਵਲਜੀਤ ਸਿੰਘ ਨੇ ਦੱਸਿਆ ਕਿ ਵਰਮੀਆ ਨੂੰ ਖਤਮ ਕਰਕੇ ਹੀ ਸਿਉਂਕ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਜਿਸ ਲਈ ਸਿਉਂਕ ਦੇ ਘਰ ਉਪਰੋਂ ਮਿੱਟੀ ਹਟਾ ਕੇ ਉਸ ਅੰਦਰ ਬਣੀ ਹੋਈ ਖੁਡ ਨੂੰ ਨੰਗਾ ਕੀਤਾ ਜਾਂਦਾ ਹੈ ਅਤੇ ਦਵਾਈਆ ਪਾਉਣ ਤੋਂ ਤੁਰੰਤ ਬਾਅਦ ਮਿੱਟੀ ਨਾਲ ਪੁਰ ਕੇ ਉਸ ‘ਤੇ ਦਵਾਈ ਦਾ ਛਿੜਕਾਅ ਕਰ ਦਿੱਤਾ ਜਾਂਦਾ ਹੈ। ਸ: ਰਾਜਬੀਰ ਸਿੰਘ ਨੇ ਕਿਹਾ ਕਿ ਭਾਵੇਂ ਸਿਉਂਕ ਕਿਸਾਨਾਂ ਲਈ ਲਾਹੇਵੰਦ ਵੀ ਸਾਬਤ ਹੁੰਦੀ ਹੈ, ਕਿਉਂਕਿ ਇਹ ਧਰਤੀ ਹੇਠ ਖੁਡਾਂ ਬਣਾਕੇ ਮਿੱਟੀ ਨੂੰ ਉਪਜਾਊ ਬਣਾਉਂਦੀਆਂ ਹਨ ਪਰ ਇਹ ਲੱਕੜ ਦੇ ਫਰਨੀਚਰ ਅਤੇ ਦਰੱਖਤਾਂ ਨੂੰ ਬਹੁਤ ਨੁਕਸਾਨਦਾਇਕ ਹੈ, ਜਿਸ ਲਈ ਦਾ ਖਾਤਮਾ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕਾਲਜ ਕੈਂਪਸ ਵਿੱਚ ਵਰਮੀਆਂ ਖ਼ਤਮ ਕਰਨ ਦਾ ਕਾਰਜ ਕੇਂਦਰ ਦੇ ਖੇਤੀ ਸੂਚਨਾ ਅਫ਼ਸਰ ਸ: ਜਸਵਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ ਅਤੇ ਸਹਾਇਕ ਮੰਡੀਕਰਨ ਅਫ਼ਸਰ ਸ: ਨਾਜਰ ਸਿੰਘ ਨੇ ਵਰਮੀਆ ਖ਼ਤਮ ਕਰਵਾਉਣ ਵਿੱਚ ਸਹਿਯੋਗ ਦਿੱਤਾ ਹੈ। ਇਸ ਤੋਂ ਇਲਾਵਾ ਸਮੁੱਚੇ ਕੈਂਪਸ ਵਿੱਚ ਕਲੋਰੋਪੈਰੀਫਾਸ ਦੇ ਟ੍ਰੀਟਮੈਂਟ ਨਾਲ ਪੈਸਟ ਕੰਟਰੋਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸ: ਸੁਲੱਖਣ ਸਿੰਘ, ਸ: ਲਖਬੀਰ ਸਿੰਘ, ਸ: ਸਾਹਬ ਸਿੰਘ, ਗੰਗਾ ਰਾਮ ਆਦਿ ਨਾਲ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media