
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਮੂਲ ਦਾ ਬ੍ਰਿਟਿਸ਼ ਮੁੱਕੇਬਾਜ਼ ਸੰਜੀਵ ਸਿੰਘ ਸਹੋਤਾ ਪੇਸ਼ੇਵਰ ਮੁੱਕੇਬਾਜ਼ੀ ਵਿਚ ਜਿੱਤਾਂ ਦੀ ਹੈਟ੍ਰਿਕ ਲਾਉਣ ਦੇ ਇਰਾਦੇ ਨਾਲ 16 ਜੁਲਾਈ ਨੂੰ ਪ੍ਰੋਫੈਸ਼ਨਲ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਰਿੰਗ ‘ਤੇ ਉੱਤਰੇਗਾ।ਇਹ ਮੁਕਾਬਲਾ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਹੋਵੇਗਾ।ਭਾਰਤ ਦੇ ਉਲੰਪੀਅਨ ਮੁੱਕੇਬਾਜ਼ ਵਿਜੈਂਦਰ ਸਿੰਘ ਦਾ ਮੁਕਾਬਲਾ ਆਸਟ੍ਰੇਲੀਆ ਦੇ ਕੈਰੀ ਹੋਪ ਨਾਲ ਹੋਵੇਗਾ, ਜੋ ਏਸ਼ੀਆ ਪੈਸੀਫਿਕ ਖਿਤਾਬ ਲਈ ਪਸੀਨਾ ਵਹਾਉਣਗੇ। ਪ੍ਰਸਿੱਧ ਕਾਰੋਬਾਰੀ ਤੇ ਕਬੱਡੀ ਖੇਡ ਪ੍ਰਮੋਟਰ ਬਾਪੂ ਸੁਰਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਸੰਜੀਵ ਸਹੋਤਾ ਪੰਜਾਬ ਸਰਕਾਰ ਦੀ ਤਰਫ਼ੋ ਕਰਵਾਏ ਵਿਸ਼ਵ ਕਬੱਡੀ ਕੱਪਾਂ ਵਿਚ ਸਪੇਨ ਕਬੱਡੀ ਟੀਮ ਨਾਲ ਬਤੌਰ ਕੋਚ ਤੇ ਖਿਡਾਰੀ ਵਜੋਂ ਸ਼ਮੂਲੀਅਤ ਕਰ ਚੁੱਕਿਆ ਹੈ ਅਤੇ ਉਸ ਨੇ ਅਪ੍ਰੈਲ ਮਹੀਨੇ ਤੋਂ ਹੀ ਪੇਸ਼ੇਵਰ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਕਦਮ ਰੱਖਿਆ ਹੈ। ਸੰਜੀਵ ਮੌਰਸ਼ੀਆਂ ਰੀਜ਼ਨ ਦਾ ਚੈਪੀਂਅਨ ਮੁੱਕੇਬਾਜ਼ ਹੈ ਅਤੇ ਉਸਨੇ ਲੰਡਨ ਵਿਖੇ ਹੋਏ ਪੇਸ਼ੇਵਰ ਮੁੱਕੇਬਾਜ਼ੀ ਦੇ ਆਪਣੇ ਪਹਿਲੇ ਦੋ ਮੁਕਾਬਲੇ ਜਿੱਤੇ ਹਨ ਅਤੇ ਹੁਣ ਉਹ ਤੀਸਰੇ ਮੁਕਾਬਲੇ ਵਿਚ ਡਬਲਯੂ. ਬੀ. ਓ. ਸੁਪਰ ਲਾਈਟ ਵੇਟ ਵਰਗ ਵਿਚ ਦਮ-ਖਮ ਵਿਖਾਏਗਾ, ਜਿਥੇ ਉਸਦਾ ਮੁਕਾਬਲਾ ਹਰਿਆਣਵੀਂ ਮੁੱਕੇਬਾਜ਼ ਨਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੁੱਕੇਬਾਜ਼ ਸੰਜੀਵ ਸਹੋਤਾ ਭਾਰਤ ਵਿਚ ਆਪਣਾ ਪਹਿਲਾ ਪੇਸ਼ੇਵਰ ਮੁਕਾਬਲਾ ਖੇਡਣ ਲਈ ਕਾਫ਼ੀ ਉਤਸੁਕ ਹੈ ਅਤੇ ਉਨ੍ਹਾਂ ਨੂੰ ਸੰਜੀਵ ਤੋਂ ਜਿੱਤ ਦੀਆਂ ਕਾਫ਼ੀ ਉਮੀਦਾਂ ਹਨ।
Punjab Post Daily Online Newspaper & Print Media