Thursday, March 19, 2026

ਨਾਮਵਰ ਸ਼ਾਇਰ ਡਾ. ਰਵਿੰਦਰ ਨਾਲ ਰਚਾਇਆ ਕਾਵਿ-ਸੰਵਾਦ

ਅੰਮ੍ਰਿਤਸਰ, 11 ਜੁਲਾਈ (ਦੀਪ ਦਵਿੰਦਰ)- ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਏਕਮ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਸੋਸਾਇਟੀ ਦੀ ਪਹਿਲ ਕਦਮੀ ਨਾਲ ਪੰਜਾਬੀ ਜ਼ੁਬਾਨ ਦੇ ਸਥਾਪਿਤ ਸ਼ਾਇਰ ਡਾ. ਰਵਿੰਦਰ ਨਾਲ ਕਾਵਿ-ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਰਚਾਏ ਇਸ ਅਰਥ ਭਰਪੂਰ ਸਾਹਿਤਕ ਸਮਾਗਮ ਵਿੱਚ ਮੈਡਮ ਅਰਤਿੰਦਰ ਸੰਧੂ ਨੇ ਮਹਿਮਾਨ ਸ਼ਾਇਰ ਨਾਲ ਜਾਣ-ਪਹਿਚਾਣ ਕਰਵਾਈ ਅਤੇ ਮੰਚ ਸੰਚਾਲਨ ਕਰਦਿਆਂ ਡਾ. ਬਲਜੀਤ ਰਿਆੜ ਨੇ ਆਪਣੀ ਵਿਧਵਤਾ ਭਰਪੂਰ ਭਾਸ਼ਾ ਸ਼ੈਲੀ ਰਾਹੀਂ ਡਾ. ਰਵਿੰਦਰ ਨੂੰ ਹਾਜ਼ਰੀਨ ਦੇ ਰੂਬਰੂ ਕਰਵਾਇਆ।
ਡਾ. ਰਵਿੰਦਰ ਨੇ ਆਪਣੀ ਚਰਚਿਤ ਨਜ਼ਮ ‘ਧੀਆਂ ਧਿਆਣੀਆਂ’ ਰਾਹੀਂ ਹਾਜ਼ਰੀਨ ਨਾਲ ਅਰਥ ਭਰਪੂਰ ਗੱਲਬਾਤ ਦਾ ਮੁੱਢ ਬੰਨ੍ਹਦਿਆਂ ਦੱਸਿਆ ਕਿ ਬੇਲੋੜੀ ਜਟਿੱਲਤਾ ਵਾਲੀ ਕਵਿਤਾ ਲੋਕਾਂ ਦੇ ਹਾਣ ਦੀ ਕਵਿਤਾ ਨਹੀਂ ਬਣ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਉਹ ਆਪਣੀ ਸ਼ਾਇਰੀ ਜਰੀਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਾਹਿਤਕ ਸਮਾਗਮਾਂ ਦਾ ਲਗਾਤਾਰ ਹਿੱਸਾ ਬਣਦੇ ਰਹੇ ਹਨ। ਫਿਰ ਵੀ ਉਹ ਸਰਕਾਰੀ ਇਨਾਮਾਂ-ਸਨਮਾਨਾਂ ਦੀ ਬੇਮਤਲਬੀ ਦੌੜ ਵਿੱਚੋਂ ਇੱਕ ਵਿੱਥ ਬਣਾ ਕੇ ਰੱਖਦੇ ਹਨ। ਵਿਦਵਾਨ ਅਲੋਚਕ ਡਾ. ਜੋਗਿੰਦਰ ਕੈਰੋਂ ਨੇ ਡਾ. ਰਵਿੰਦਰ ਦੀਆਂ ਕਾਵਿ-ਪੁਸਤਕਾਂ ‘ਆਪਣੀ ਉਡੀਕ ਵਿੱਚ’, ‘ਨਦੀ ਪੌਣ ਖੁਸ਼ਬੂ’, ‘ਆਲ੍ਹਣੇ ਘਰ ਪਿੰਜਰੇ’ ਅਤੇ ‘ਕਵਿਤਾ ਮੇਰੇ ਨਾਲ ਨਾਲ’ ਦੇ ਹਵਾਲੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਵਿੰਦਰ ਦੀ ਸਮੁੱਚੀ ਸ਼ਾਇਰੀ ਸਮਕਾਲ ਤੋਂ ਸਰਬਕਾਲ ਦੀ ਨਿਸ਼ਾਨਦੇਹੀ ਕਰਦੀ ਹੈ। ਡਾ. ਸ਼ਹਿਰਯਾਰ ਅਤੇ ਪ੍ਰੋ: ਅੰਮੀਆਂ ਕੁੰਵਰ ਨੇ ਕਿਹਾ ਕਿ ਸ਼ਾਇਰ ਮਨੁੱਖੀ ਟੁੱਟ-ਭੱਜ ਅਤੇ ਮਾਨਵੀਂ ਹੋਂਦ ਦੇ ਖੁਰਨ ਦੀ ਗੱਲ ਕਰਦਿਆਂ ਖੂਬਸੂਰਤ ਬਿੰਬ ਉਸਾਰਦਾ ਹੈ। ਡਾ. ਮਨਿੰਦਰ ਸਿੰਘ ਅਤੇ ਦੀਪ ਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਡਾ. ਰਵਿੰਦਰ ਆਪਣੀ ਲੇਖਣੀ ਵਿੱਚ ਨਾ ਕੇਵਲ ਸਮਾਜਿਕ ਸਰੋਕਾਰਾਂ ਨੂੰ ਵੱਖਰੀ ਦ੍ਰਿਸ਼ਟੀ ਤੋਂ ਵੇਖਦਾ ਹੈ, ਬਲਕਿ ਉਨ੍ਹਾਂ ਨੂੰ ਭਾਵੁਕ ਪੱਧਰ ਤੇ ਸੋਧਮਈ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਡਾ. ਅਨੂਪ ਸਿੰਘ ਅਤੇ ਡਾ. ਦੀਪਤੀ ਨੇ ਆਪਣੀਆਂ ਅਦਬੀ ਸਾਂਝਾਂ ਰਾਹੀਂ ਡਾ. ਰਵਿੰਦਰ ਨਾਲ ਦੋਸਤੀ ਦੇ ਨਿੱਘ ਦੀ ਗੱਲ ਕੀਤੀ। ਸਵਾਲਾਂ ਜਵਾਬਾਂ ਦੇ ਚੱਲੇ ਦੌਰ ਵਿੱਚ ਮਲਵਿੰਦਰ, ਹਰਭਜਨ ਖੇਮਕਰਨੀ, ਗੁਰਬਾਜ ਤੋਲਾਨੰਗਲ, ਵਿਸ਼ਾਲ, ਜਤਿੰਦਰ ਔਲਖ, ਦਵਿੰਦਰ ਦੀਦਾਰ, ਜਗਜੀਤ ਗਿੱਲ ਅਤੇ ਜਸਵੰਤ ਹਾਂਸ ਵੱਲੋਂ ਪੁੱਛੇ ਗਏ ਅਦਬੀ ਸਵਾਲਾਂ ਦੇ ਜਵਾਬ ਡਾ. ਰਵਿੰਦਰ ਹੁਰਾਂ ਵੱਲੋਂ ਸਹਿਜ ਅਤੇ ਸੁਹਜ ਭਰਪੂਰ ਭਾਸ਼ਾ ਸ਼ੈਲੀ ਰਾਹੀਂ ਦਿੱਤੇ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਗੁਰਦੀਪ ਕੌਰ, ਨਿਰਮਲ ਅਰਪਣ, ਰਾਜ ਖੁਸ਼ਵੰਤ ਸਿੰਘ ਸੰਧੂ, ਵਰਗਿਸ ਸਲਾਮਤ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ, ਸੁਮੀਤ ਸਿੰਘ, ਪ੍ਰੋ: ਸਤਨਾਮ ਰੰਧਾਵਾ, ਜਸਪਾਲ ਕੌਰ, ਤਰਲੋਚਨ ਸਿੰਘ, ਡਾ. ਹਰਜੀਤ ਕੌਰ, ਰਾਜਵੰਤ ਬਾਜਵਾ, ਕਮਲ, ਚੰਨ ਬੋਲੇਵਾਲੀਆ, ਓਮ ਪ੍ਰਕਾਸ਼ ਭਗਤ, ਸਰਬਜੀਤ ਸੰਧੂ, ਪ੍ਰੋ: ਲਖਵਿੰਦਰ ਸਿੰਘ, ਜਗਤਾਰ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply