ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ) – ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਭਵਿੱਖ ਤਾਂ ਹੀ ਰੋਸ਼ਨ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਨੇ ਸੀ. ਐਚ. ਸੀ ਮਾਨਾਵਾਲਾ ਵਿਖੇ ਜ਼ਿਲ੍ਹਾ ਪੱਧਰੀ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 11 ਤੋਂ 23 ਜੁਲਾਈ ਤੱਕ ਚਲਾਏ ਜਾ ਰਹੇ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਅਤੇ ਹੈਜ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਸਿਫਰ ‘ਤੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਜ਼ੀਰੋ ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ 2 ਲੱਖ ਮੌਤਾਂ ਕੇਵਲ ਹੈਜ਼ੇ ਕਾਰਨ ਹੀ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿਚ ਹੀ ਹੁੰਦੀਆਂ ਹਨ। ਇਸ ਲਹਂ ਭਾਰਤ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਘਰ-ਘਰ ਵਿਚ, ਜਿਥੇ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵੱਲੋਂ ਓ. ਆਰ. ਐਸ ਦੇ ਪੈਕਟ ਮੁਫ਼ਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜ਼ਿੰਕ ਦੀਆਂ ਗੋਲੀਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਕਿਰਨ ਸੀਕਰੀ ਨੇ ਇਸ ਮੌਕੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਕਰੀਬ 26 ਲੱਖ ਅਬਾਦੀ ਵਿਚ ਪੈਂਦੇ ਸਾਰੇ ਹੀ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਹੱਥ ਧੋਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਲਈ ਪੈਰਾ ਮੈਡੀਕਲ ਸਟਾਫ ਵੱਲੋਂ ਸਕੂਲਾਂ ਵਿਚ ਜਿਥੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ ਉਥੇ ਸਾਬਣ ਦੀ ਸਹਾਇਤਾ ਨਾਲ ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਤੋਂ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਇਲਾਜ ਨਾਲੋਂ ਪਰਹੇਜ਼ ਬਿਹਤਰ ‘ਤੇ ਅਮਲ ਕੀਤਾ ਜਾ ਸਕੇ। ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ. ਸੀ ਮਾਨਾਵਾਲਾ ਡਾ ਜਗਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ ਨੇ ਇਸ ਪੰਦਰਵਾੜੇ ਬਾਰੇ ਵਿਸਥਾਰ ਸਹਿਤ ਆਸ਼ਾ ਦੇ ਫਾਰਮੈਟ ਅਤੇ ਕੰਮ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਾਸ ਮੀਡੀਆ ਵਿੰਗ ਵੱਲੋਂ ਪੰਦਰਵਾੜੇ ਦੇ ਵੱਖ-ਵੱਖ ਕੰਮਾਂ ਨੂੰ ਦਰਸਾਉਂਦੀ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸੇ ਦੌਰਾਨ ਸਿਵਲ ਸਰਜਨ ਦਫ਼ਤਰ ਵੱਲੋਂ ਇਸ ਪੰਦਰਵਾੜੇ ਸਬੰਧੀ ਜਾਗਰੂਕ ਕਰਨ ਲਈ ਆਟੋ ਰਿਕਸ਼ਾ ਰੈਲੀ ਵੀ ਰਵਾਨਾ ਕੀਤੀ ਗਈ। ਇਸ ਮੌਕੇ ਡਾ. ਕੂੰਡਲ, ਡਾ. ਭਾਰਤੀ, ਡਿਪਟੀ ਮਾਸ ਮੀਡੀਆ ਅਫ਼ਸਰ ਅਮਰਦੀਪ ਅਤੇ ਰੁਪਿੰਦਰ ਕੌਰ, ਬੀ. ਈ. ਈ ਚਰਨਜੀਤ ਤੋਂ ਇਲਾਵਾ ਹੋਰ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media