Wednesday, March 25, 2026

ਡਿਪਟੀ ਕਮਿਸ਼ਨਰ ਵੱਲੋਂ ਆਸ਼ਾ ਵਰਕਰ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਸ਼ੁਰੂ

PPN1507201606

ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ)-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਬੀਤੇ ਮਹੀਨੇ ਕੀਤੇ ਐਲਾਨ ਨੂੰ ਅਮਲੀ ਰੂਪ ਦਿੰਦੇ ਹੋਏ ਅੱਜ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਬਿਹਤਰ ਕੰਮ ਕਰਨ ਵਾਲੀ ਆਸ਼ਾ ਵਰਕਰ ਸਰਬਜੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਸ੍ਰੀ ਰੂਜਮ ਨੇ ਕਿਹਾ ਕਿ ਦੂਰ-ਦਰਾਜ ਦੇ ਖੇਤਰ ਵਿਚ ਸੇਵਾ-ਭਾਵਨਾ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਨਾਂ ਦਾ ਮਾਣ-ਸਤਿਕਾਰ ਕਰਨਾ ਜ਼ਰੂਰੀ ਹੈ, ਤਾਂ ਜੋ ਉਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਮੁਲਾਜ਼ਮ ਵੀ ਆਪਣੀ ਡਿਊਟੀ ਮਾਨਵ ਸੇਵਾ ਨਾਲ ਕਰਨ ਲਈ ਅੱਗੇ ਆਉਣ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਇਸੇ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸੁਝਾਅ ਦਿੱਤਾ ਸੀ ਕਿ ਉਹ ਆਸ਼ਾ ਵਰਕਰ, ਜੋ ਕਿ ਘਰ-ਘਰ ਜਾ ਕੇ ਗਰਭਵਤੀ ਔਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੰਦੀਆਂ ਹਨ, ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਅੱਜ ਉਸ ਸੁਝਾਅ ਨੂੰ ਆਪਨਾਉਂਦੇ ਹੋਏ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਦੀ ਟੀਮ ਨੇ ਚੌਗਾਵਾਂ ਬਲਾਕ ਦੀ ਆਸ਼ਾ ਵਰਕਰ ਸਰਬਜੀਤ ਕੌਰ ਨੂੰ ਡੀ. ਸੀ. ਕੋਲੋੋਂ ਸਨਮਾਨਿਤ ਕਰਵਾਇਆ।
ਡਿਪਟੀ ਕਮਿਸ਼ਨਰ ਸ੍ਰੀ ਰੂਜਮ ਨੇ ਮੀਟਿੰਗ ਵਿਚ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦੇ ਸਿਵਲ ਸਰਜਨ ਨੂੰ ਹਦਾਇਤ ਵੀ ਕੀਤੀ ਕਿ ਉਹ ਮੁਲਾਜ਼ਮਾਂ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਰਿਪੋਰਟਾਂ, ਕੀਤੇ ਜਾਂਦੇ ਸਰਵੈ ਆਦਿ ਦੀ ਜਾਂਚ ਵੀ ਕਰਵਾ ਲਿਆ ਕਰਨ, ਤਾਂ ਜੋ ਲੋਕਾਂ ਨੂੰ ਸਹੀ ਸੇਵਾ ਮਿਲਣੀ ਯਕੀਨੀ ਬਣੀ ਰਹੇ। ਸਿਹਤ ਵਿਭਾਗ ਨੇ ਦੱਸਿਆ ਕਿ ਜੂਨ ਮਹੀਨੇ ਜ਼ਿਲ੍ਹਾ ਅੰਮ੍ਰਿਤਸਰ ਵਿਚ 11200 ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਦੀ ਸਿਹਤ ਦੀ ਮੁਫ਼ਤ ਜਾਂਚ ਕੀਤੀ ਗਈ, ਜਿਸ ਵਿਚੋਂ 61 ਬੱਚਿਆਂ ਨੂੰ ਇਲਾਜ ਲਈ ਹਸਪਤਾਲ ਵਿਚ ਰੈਫਰ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਕੂਲ ਸਿਹਤ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਜਣਨੀ ਸੁਰੱਖਿਆ ਯੋਜਨਾ, ਕੈਂਸਰ ਰਿਲੀਫ ਫੰਡ, ਤੰਬਾਕੂ ਐਕਟ ਅਧੀਨ ਕਾਰਵਾਈ, ਸਵੱਛ ਭਾਰਤ ਮਿਸ਼ਨ ਅਧੀਨ ਹੋਏ ਕੰਮਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ਆਦਿ ਦਾ ਬਿਊਰਾ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਂਗਰਾ, ਐਸ ਡੀ ਐਮਜ਼ ਸ੍ਰੀ ਰਾਜੇਸ਼ ਸ਼ਰਮਾ, ਰੋਹਿਤ ਗੁਪਤਾ, ਡਾ. ਅਨੂਪ੍ਰੀਤ ਕੌਰ ਅਤੇ ਤੇਜਦੀਪ ਸਿੰਘ ਸੈਣੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply