
ਅੰਮ੍ਰਿਤਸਰ, 16 ਜੁਲਾਈ (ਗੁਰਪ੍ਰੀਤ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਵਿਦਿਅਕ ਸੰਸਥਾਵਾਂ ਵਿਚ ਅੰਮ੍ਰਿਤਧਾਰੀ ਬੱਚੇ-ਬੱਚੀਆਂ ਲਈ 50% ਸੀਟਾਂ ਰਾਖਵੀਆਂ ਨਿਰਧਾਰਿਤ ਕਰਨ ਦੇ ਕੀਤੇ ਫੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕਮੇਟੀ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਸ੍ਰ: ਮਨਜਿੰਦਰ ਸਿੰਘ ਸਿਰਸਾ ਵੱਲੋਂ ਕਾਰਕਾਰਣੀ ਕਮੇਟੀ ਦੀ ਸਹਿਮਤੀ ਨਾਲ ਲਏ ਗਏ ਇਹ ਫੈਸਲਾ ਜਿਥੇ ਅਜੋਕੇ ਸਮੇਂ ਵਿਚ ਪਤਿਤਪੁਣੇ ਨੂੰ ਠੱਲ ਪਾਉਣ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵੱਡਾ ਯੋਗਦਾਨ ਸਾਬਤ ਹੋਇਆ ਹੈ, ਓਥੇ ਹੀ ਇਹ ਦੂਸਰੇ ਸਿੱਖ ਵਿਦਿਅਕ ਅਦਾਰਿਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ।ਇਨ੍ਹਾਂ ਵੱਲੋਂ ਲਏ ਗਏ ਇਸ ਫੈਸਲੇ ਨਾਲ ਸਿੱਖ ਬੱਚੇ-ਬੱਚੀਆਂ ਨਸ਼ਿਆਂ ਦਾ ਤਿਆਗ ਕਰਕੇ ਗੁਰਬਾਣੀ, ਗੁਰ ਇਤਿਹਾਸ ਨੂੰ ਪੜਨ ਅਤੇ ਸਮਝਣ ਲਈ ਮਾਂ ਬੋਲੀ ਪੰਜਾਬੀ ਨੂੰ ਤਰਜ਼ੀਹ ਦੇਣਗੇ ਅਤੇ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਨਣਗੇ।ਉਨ੍ਹਾਂ ਇਹ ਕਿਹਾ ਕਿ ਇਸੇ ਤਰਾਂ ਹੀ ਬਾਕੀ ਸਿੱਖ ਵਿਦਿਅਕ ਸੰਸਥਾਵਾਂ ਵਿਚ ਵੀ ਅੰਮ੍ਰਿਤਧਾਰੀ ਸਿੱਖ ਬੱਚੇ-ਬੱਚੀਆਂ ਨੂੰ ਅਜਿਹੀ ਤਰਜੀਹ ਦੇਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਦੇਸ਼-ਵਿਦੇਸ਼ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਗੁਰੂ-ਘਰ ਦੀਆਂ ਗੋਲਕਾਂ ਦੀ ਆਮਦਨ ਵਿਚੋਂ 5% ਦੀ ਰਕਮ ਇਸ ਕਾਰਜ ਲਈ ਸਿੱਖ ਵਿਦਿਅਕ ਸੰਸਥਾਵਾਂ ਨੂੰ ਮਦਦ ਦੇ ਰੂਪ ਵਿਚ ਭੇਜਣ ਅਤੇ ਦੇਸ਼-ਵਿਦੇਸ਼ ਵਿਚ ਵੱਸਦੇ ਹਰ ਗੁਰਸਿੱਖ ਵੱਲੋਂ ਆਪਣੀ ਕਿਰਤ ਕਮਾਈ ਵਿਚੋਂ ਕੱਢੀ ਦਸਵੰਧ ਦੀ ਰਕਮ ਸਿਹਤ ਅਤੇ ਵਿਦਿਅਕ ਸੰਸਥਾਵਾਂ ਨੂੰ ਦੇਣੀ ਚਾਹੀਦੀ ਹੈ।ਜਿਸ ਨਾਲ ਸਮਾਜ ਵਿਚ ਨਰੋਈ ਸਿਹਤ ਅਤੇ ਉਚੇਰੀ ਸਿੱਖਿਆ ਨੂੰ ਹੋਰ ਵੀ ਪ੍ਰਫੁਲਿਤ ਕਰਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਸਕੇ।
Punjab Post Daily Online Newspaper & Print Media