Friday, March 27, 2026

ਸੁਰੇਸ਼ ਪ੍ਰਭੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸੌਲਰ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ

ਰੇਲਵੇ ਆਪਣੇ ਪ੍ਰਾਜੈਕਟਾਂ ਲਈ ਪੰਜਾਬ ਤੋਂ ਪੈਸੇ ਦੀ ਭਾਈਵਾਲੀ ਨਾ ਮੰਗੇ-ਬਾਦਲ

PPN1707201606 PPN1707201607ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ ਸੱਗੂ) – ਪੰਜਾਬ ਨੇ ਦੇਸ਼ ਦਾ ਪੇਟ ਭਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅਸੀਂ ਰੇਲਵੇ ਦੇ ਪੱਖ ਤੋਂ ਇਸ ਦਾ ਵਿਕਾਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਸਥਾਨਕ ਰੇਲਵੇ ਸਟੇਸ਼ਨ ਵਿਖੇ ਇਕ ਮੈਗਾਵਾਟ ਦੇ ਸੌਲਰ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਮਾਡਰਨ ਰੇਲਵੇ ਸਟੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਨਿਕਟ ਭਵਿੱਖ ਵਿਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਹਾਈ ਸਪੀਡ ਰੇਲ ਗੱਡੀ ਚਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਹੁਣ ਤੱਕ ਅਸੀਂ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਰੇਲ ਗੱਡੀ ਚਲਾਉਣ ਦੀ ਸਫਲਤਾ ਪੂਰਵਕ ਪਰਖ ਕੀਤੀ ਹੈ ਅਤੇ ਇਸ ਦੇ ਕਾਮਯਾਬ ਹੁੰਦੇ ਹੀ ਅਸੀਂ ਕੋਸ਼ਿਸ਼ ਕਰਾਂਗੇ ਅੰਮ੍ਰਿਤਸਰ ਨੂੰ ਨਵੀਂ ਦਿੱਲੀ ਨਾਲ ਇਸ ਤੇਜ਼ ਰਫਤਾਰ ਰੇਲ ਗੱਡੀ ਨਾਲ ਜੋੜਿਆ ਜਾਵੇ। ਉਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਪੱਟੀ ਵਾਇਆ ਫਿਰੋਜ਼ਪੁਰ ਰੇਲਵੇ ਲਾਈਨ ਦਾ ਕੰਮ ਰਾਜ ਸਰਕਾਰ ਵੱਲੋਂ ਆਪਣਾ ਯੋਗਦਾਨ ਨਾ ਪਾਉਣ ਕਾਰਨ ਰੁਕਿਆ ਸੀ ਅਤੇ ਆਸ ਹੈ ਕਿ ਛੇਤੀ ਹੀ ਇਹ ਕੰਮ ਵੀ ਸ਼ੁਰੂ ਕਰ ਲਿਆ ਜਾਵੇਗਾ। ਸ੍ਰੀ ਪ੍ਰਭੂ ਨੇ ਕਿਹਾ ਕਿ ਸ. ਬਾਦਲ ਸਾਡੇ ਪਿਤਾ ਸਮਾਨ ਹਨ ਅਤੇ ਇੰਨਾਂ ਨੇ ਜੋ ਵੀ ਹੁਕਮ ਕੀਤਾ, ਉਸ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਰੇਲਵੇ ਦਾ ਜ਼ਿਕਰ ਕਰਦੇ ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਸੂਰਜ ਊਰਜਾ, ਫਾਲਤੂ ਪਦਾਰਥਾਂ ਤੋਂ ਊਰਜਾ ਤਿਆਰ ਕਰਨ ਅਤੇ ਰੇਲਵੇ ਦੇ ਖਰਚ ਘਟਾ ਕੇ ਯਾਤਰੀਆਂ ਨੂੰ ਚੰਗੀ ਸੁਵਿਧਾ ਦੇਣ ‘ਤੇ ਕੇਂਦਰਤ ਹੈ ਅਤੇ ਅਸੀਂ ਇਸ ਵਿਚ ਹੌਲੀ-ਹੌਲੀ ਅੱਗੇ ਵੱਧ ਰਹੇ ਹਾਂ। ਉਨਾਂ ਕਿਹਾ ਕਿ ਭਵਿੱਖ ਵਿਚ ਰੇਲਵੇ ਦੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ‘ਤੇ ਸੂਰਜੀ ਊਰਜਾ ਵਾਲੇ ਪੈਨਲ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਊਰਜਾ ‘ਤੇ ਹੋਣ ਵਾਲਾ ਖਰਚ ਘੱਟ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅੰਮ੍ਰਿਤਸਰ ਅਧਿਆਤਮਕ ਊਰਜਾ ਦਾ ਕੇਂਦਰ ਹੈ ਅਤੇ ਅੱਜ ਇਥੇ ਸੂਰਜੀ ਊਰਜਾ ਦਾ ਨੀਂਹ ਪੱਥਰ ਰੱਖਕੇ ਮੈਨੂੰ ਅਥਾਹ ਖੁਸ਼ੀ ਮਿਲੀ ਹੈ।
ਇਸ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਸੁਰੇਸ਼ ਪ੍ਰਭੂ ਨੂੰ ਜੀ ਆਇਆਂ ਆਖਦੇ ਧੰਨਵਾਦ ਕੀਤਾ, ਕਿ ਉਨਾਂ ਨੇ ਪੰਜਾਬ ਨੂੰ 5 ਵਧੀਆਂ ਰੇਲਵੇ ਲਿੰਕ ਦਿੱਤੇ ਹਨ, ਜਿੰਨਾਂ ‘ਤੇ ਕੰਮ ਚੱਲ ਰਿਹਾ ਹੈ। ਉਨਾਂ ਅੰਮ੍ਰਿਤਸਰ-ਫਿਰੋਜ਼ਪੁਰ ਰੇਲਵੇ ਲਿੰਕ ਦਾ ਕੰਮ ਛੇਤੀ ਨੇਪਰੇ ਚਾੜਨ ਦੀ ਵਕਾਲਤ ਕਰਦੇ ਕਿਹਾ ਕਿ ਰੇਲਵੇ ਵਿਭਾਗ ਨੂੰ ਪੰਜਾਬ ਕੋਲੋਂ ਪੈਸੇ ਦੀ ਭਾਈਵਾਲੀ ਨਹੀਂ ਲੈਣੀ ਚਾਹੀਦੀ, ਕਿਉਂਕਿ ਰਾਜਾਂ ਕੋਲੋਂ ਪੈਸੇ ਦੇ ਸਾਧਨ ਪਹਿਲਾਂ ਹੀ ਬਹੁਤ ਸੀਮਤ ਹਨ। ਸੂਰਜੀ ਊਰਜਾ ਦਾ ਜ਼ਿਕਰ ਕਰਦੇ ਸ. ਬਾਦਲ ਨੇ ਕਿਹਾ ਕਿ ਪੰਜਾਬ ਨੇ ਸੂਰਜੀ ਊਰਜਾ ਪੈਦਾ ਕਰਨ ਵਿਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸ ਵੇਲੇ ਅਸੀਂ 491 ਮੈਗਾਵਾਟ ਬਿਜਲੀ ਸੂਰਜੀ ਊਰਜਾ ਤੋਂ ਲੈ ਰਹੇ ਹਾਂ, ਜੋ ਕਿ ਦਸੰਬਰ ਤੱਕ ਵੱਧ ਕੇ ਇਕ ਹਜ਼ਾਰ ਮੈਗਾਵਾਟ ਹੋ ਜਾਵੇਗੀ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਛੱਤ ‘ਤੇ ਲੱਗਣ ਵਾਲੇ ਸੂਰਜੀ ਪਲਾਂਟਾਂ ਵਿਚ ਸਭ ਤੋਂ ਵੱਡਾ ਪਾਵਰ ਪਲਾਂਟ ਵੀ ਪੰਜਾਬ ਵਿਚ ਹੀ ਸਥਾਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੂਰਜੀ ਊਰਜਾ ਦਾ ਵਧੀਆ ਬਦਲ ਸੂਰਜੀ ਊਰਜਾ ਹੈ ਅਤੇ ਪੰਜਾਬ ਨੇ ਹਾਈਡਰੋ ਪਲਾਂਟ ਤੋਂ ਬਾਅਦ ਇੰਨਾਂ ਵੱਲ ਵੱਧ ਧਿਆਨ ਦਿੱਤਾ ਹੈ। ਅੱਜ ਇਸ ਮੌਕੇ ਸ੍ਰੀ ਪ੍ਰਭੂ ਦੇ ਸੁਪਤਨੀ, ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਰਾਜ ਸਭਾ ਮੈਂਬਰ ਸ੍ਰੀ ਸਵੇਤ ਮਲਿਕ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕੇ. ਜੀ. ਐਸ. ਚੀਮਾ,ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ, ਮੇਅਰ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਵੁਰਣ ਰੂਜਮ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਉਪਰੰਤ ਸ੍ਰੀ ਸੁਰੇਸ਼ ਪ੍ਰਭੂ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਵਿਖੇ ਵੀ ਮੱਥਾ ਟੇਕਿਆ। ਅੱਜ ਸਵੇਰੇ ਸ੍ਰੀ ਸੁਰੇਸ਼ ਪ੍ਰਭੂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਭਾਜਪਾ ਦੇ ਆਗੂ ਰਜਿੰਦਰਮੋਹਨ ਸਿੰਘ ਛੀਨਾ ਅਤੇ ਹੋਰ ਭਾਜਪਾ ਆਗੂਆਂ ਨੇ ਉਨਾਂ ਨੂੰ ਜੀ ਆਇਆਂ ਕਿਹਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply