
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਲੋਕਾਂ ਤੋਂ ਇਲਾਵਾ ਦੂਸਰੀ ਰਵਾਇਤੀ ਪਾਰਟੀਆਂ ਵਿੱਚ ਮੌਜੂਦ ਚੰਗੀ ਸੋਚ ਅਤੇ ਬੇਦਾਗ ਅਕਸ ਵਾਲੇ ਆਗੂ ਜੋ ਕਿ ਆਪਣੇ ਆਪ ਨੂੰ ਭ੍ਰਿਸ਼ਟ ਆਗੂਆਂ ਵਿਚ ਘਿਰਿਆ ਹੋਣ ਕਰਕੇ ਘੁਟਣ ਮਹਿਸੂਸ ਕਰ ਰਹੇ ਸਨ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਪੰਜਾਬ ਨੂੰ ਭ੍ਰਿਸ਼ਟਤੰਤਰ ਤੋਂ ਮੁਕਤ ਕਰਾਉਣ ਲਈ ਸ਼ਾਮਲ ਹੋ ਰਹੇ ਹਨ।ਇਹ ਵਿਚਾਰ ਕੇਂਦਰੀ ਓਬਜ਼ਰਵਰ ਰੋਮੀ ਭਾਟੀ ਨੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤਰਨਤਾਰਨ ਅਤੇ ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਦੇ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਸਵਾਗਤ ਕਰਦਿਆਂ ਪ੍ਰਗਟ ਕੀਤੇ।ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਠਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਕੋਲ ਰਵਾਇਤੀ ਸਿਆਸੀ ਪਾਰਟੀਆਂ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਜਿਸ ਕਰਕੇ ਉਹਨਾਂ ਸਮੇਤ ਬਹੁਤ ਸਾਰੇ ਆਗੂ ਜੋ ਕਿ ਪੰਜਾਬ ਦੇ ਵਸਨੀਕਾਂ ਦੇ ਪ੍ਰਤੀ ਸੰਜੀਦਾ ਸਨ ਉਹਨਾਂ ਪਾਰਟੀਆਂ ਵਿੱਚ ਦੱਬੇ ਘੁੱਟੇ ਬੈਠੇ ਸਨ ਪਰ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਇਸ ਨਿਵੇਕਲੀ ਪਹਿਲ ਨੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਦਾ ਹੌਂਸਲਾ ਦਿੱਤਾ ਹੈ ਜਿਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਭ੍ਰਿਸ਼ਟ ਸਿਆਸੀ ਆਗੂਆਂ ਤੋਂ ਮੁਕਤ ਕਰਵਾਉਣ ਲਈ ਵਿੱਡੀ ਜੰਗ ਵਿੱਚ ਆਪਣਾ ਹਿੱਸਾ ਪਾਉਣ ਦਾ ਮਨ ਬਣਾਇਆ ਹੈ।ਅੰਮ੍ਰਿਤਸਰ ਦੇ ਜੋਨਲ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਰਾਜਨੀਤੀ ਦੇ ਦਲਦਲ ਵਿਚ ਵੜ ਕੇ ਇਸ ਨੂੰ ਸਾਫ਼ ਕਰਨ ਲਈ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਸੀ ਅਤੇ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਭ੍ਰਿਸ਼ਟਾਚਾਰ ਨਾਲ ਲਿਪਤ ਰਾਜਨੀਤੀ ਨੂੰ ਝਾੜੂ ਨਾਲ ਸਾਫ਼ ਕਰਨ ਲਈ ਇਹ ਲੜਾਈ ਲੜੀ ਜਾ ਰਹੀ ਹੈ ਜਿਸ ਵਿਚ ਹਰ ਇਕ ਵਸਨੀਕ ਨੇ ਆਪਣਾ ਹਿੱਸਾ ਪਾਉਣਾ ਹੈ। ਉਹਨਾਂ ਕਿਹਾ ਕਿ ਹਰ ਉਸ ਵਿਅਕਤੀ ਦਾ ਸੁਆਗਤ ਹੈ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਇਸ ਮੌਕੇ ਕਰਤਾਰ ਪਹਿਲਵਾਨ ਮੈਂਬਰ ਖੇਡ ਵਿੰਗ ਪੰਜਾਬ, ਕੁਲਦੀਪ ਸਿੰਘ ਧਾਲੀਵਾਲ ਮੈਂਬਰ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿੰਗ, ਨਰਿੰਦਰ ਸਿੰਘ ਜੌਹਲ ਉਪ ਪ੍ਰਧਾਨ ਪੰਜਾਬ ਕਿਸਾਨ ਵਿੰਗ, ਸਰਦਾਰਾ ਸਿੰਘ ਗਿੱਲ, ਤਰਸੇਮ ਸੈਣੀ, ਕੈਪਟਨ ਵਿਜੇ ਸ਼ਰਮਾ, ਪ੍ਰਭਜੋਤ ਬਰਾੜ ਆਦਿ ਹਾਜ਼ਰ ਸਨ।
Punjab Post Daily Online Newspaper & Print Media