Sunday, March 15, 2026

ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਲੜੇਗੀ ਕਾਂਗਰਸ- ਆਸ਼ਾ ਕੁਮਾਰੀ

PPN2207201609

ਕਾਂਗਰਸੀ ਆਗੂਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ ਸੱਗੂ) – ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਲੀਡਰਸ਼ਿਪ ਹੇਠ ਇਕਜੁੱਟ ਹੋ ਕੇ ਲੜੇਗੀ। ਅੱਜ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾ ਲਈ 100 ਤੋਂ ਵੱਧ ਸੀਟਾਂ ਜਿੱਤ ਰਹੀ ਹੈ। ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੀ ਨਵ ਨਿਯੁਕਤ ਇੰਚਾਰਜ਼ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਦੇਣ ਦਾ ਮੰਨ ਬਣਾ ਲਿਆ ਹੈ। ਜਿਹੜੇ ਅਕਾਲੀ ਭਾਜਪਾ ਗਠਜੋੜ ਤੇ ਆਪ ਦੋਨਾਂ ਤੋਂ ਤੰਗ ਆ ਚੁੱਕੇ ਹਨ। ਆਸ਼ਾ ਕੁਮਾਰੀ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਿਕ੍ਰਮਾ ਵਿੱਚ ਮੱਥਾ ਟੇਕਿਆ।ਜਿਨ੍ਹਾਂ ਨਾਲ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਤੇ ਡਾ. ਰਾਜ ਕੁਮਾਰ ਵੇਰਕਾ ਅਤੇ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਵੀ ਸੀ। ਉਹ ਬਾਅਦ ਵਿੱਚ ਜਲਿਆਂਵਾਲਾ ਬਾਗ ਵੀ ਗਏ ਤੇ ਉਥੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।
ਆਮ ਆਦਮੀ ਦੀ ਪਾਰਟੀ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਇੰਨੀ ਉਤਾਵਲੀ ਹੋ ਚੁੱਕੀ ਹੈ ਕਿ ਉਹ ਆਪਣੀ ਪਾਰਟੀ ਵੱਲੋਂ ਹੀ ਸਥਾਪਤ ਕੀਤੇ ਸਿਧਾਂਤਾਂ ਨਾਲ ਸਮਝੌਤਾ ਕਰ ਰਹੀ ਹੈ।ਆਪ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ‘ਤੇ ਹਮਲਾ ਬੋਲਦਿਆਂ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਐਮ.ਪੀ ਰਾਜ ਸਭਾ ਦੀ ਸੀਟ ਤੋਂ ਅਸਤੀਫਾ ਦੇਣ ਨਾਲ ਸੂਬੇ ਦੀ ਆਪ ਲੀਡਰਸ਼ਿਪ ਵਿੱਚ ਭੂਚਾਲ ਆ ਗਿਆ ਹੈ, ਜਿਸ ਦਾ ਖੁਲਾਸਾ ਆਏ ਦਿਨ ਆਉਣ ਵਾਲੇ ਬਿਆਨਾਂ ਤੋਂ ਹੁੰਦਾ ਹੈ।ਸਾਰੇ ਦੇ ਸੂਬੇ ਆਗੂ ਵੱਖ ਵੱਖ ਕਾਰਨ ਦੱਸ ਕੇ ਸਿੱਧੂ ਨੂੰ ਆਪ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਬੀਤੇ ਸਮੇਂ ਉਪਰ ਵੀ ਦੋਸ਼ ਲਗਾ ਰਹੇ ਹਨ।ਅੱਜ ਪੰਜਾਬ ਦੇ ਲੋਕਾਂ ਸਾਹਮਣੇ ਆ ਚੁੱਕਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਵਰਗੇ ਆਗੂ ਸਿਰਫ ਪੰਜਾਬ ਵਿੱਚ ਸੱਤਾ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਵਾਸਤੇ ਉਹ ਕਿਸੇ ਉਪਰ ਵੀ ਦੋਸ਼ ਲਗਾ ਸਕਦੇ ਹਨ। ਇਨ੍ਹਾਂ ਦੋਨਾਂ ਵੱਲੋਂ ਹਾਲੇ ਵਿੱਚ ਦਿੱਤੇ ਬਿਆਨ ਇਸ ਗੱਲ ਨੂੰ ਸਾਬਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਿਰਫ ਅਜਿਹੇ ਆਗੂਆਂ ਦਾ ਇਕ ਗੁੱਛਾ ਹੈ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਾ ਚਾਹੁੰਦੇ ਹਨ।
ਚੰਨੀ ਨੇ ਆਪ ਸੁਪਰੀਮੋ ਨੂੰ ਸਵਾਲ ਕੀਤਾ ਹੈ ਕਿ ਜਿਨ੍ਹਾਂ ਸਿਧਾਂਤਾਂ ਦੀਆਂ ਉਹ ਗੱਲਾਂ ਕਰਦੇ ਸਨ, ਹੁਣ ਉਹ ਕਿਥੇ ਹਨ। ਅੱਜ ਇਹ ਨਵਜੋਤ ਸਿੱਧੂ ਨੂੰ ਆਪ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕਰ ਰਹੇ ਹਨ, ਜਿਹੜਾ ਪਹਿਲਾਂ ਹੀ ਇਕ ਮਾਮਲੇ ਵਿੱਚ ਦੋਸ਼ੀ ਹੈ।ਕੇਜਰੀਵਾਲ ਦੇ ਨੈਤਿਕ ਸਿਧਾਂਤ ਕਿਥੇ ਗਏ? ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਆਪ ਲੀਡਰਸ਼ਿਪ ਦੀ ਡਰਾਮੇਬਾਜ਼ੀ ਦੇ ਜਾਅਲ ਵਿੱਚ ਨਾ ਫੱਸਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ, ਤਾਂ ਜੋ ਕਾਂਗਰਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀ ਅਗਲੀ ਸਰਕਾਰ ਬਣਾ ਸਕੇ। ਅੱਜ ਸੂਬੇ ਦਾ ਹਰ ਵਰਗ ਅਕਾਲੀ ਭਾਜਪਾ ਦੇ 10 ਸਾਲਾਂ ਦੇ ਸ਼ਾਸਨਕਾਲ ਤੋਂ ਤੰਗ ਆ ਚੁੱਕਾ ਹੈ।ਸੂਬੇ ਵਿੱਚ ਪੂਰੀ ਤਰ੍ਹਾਂ ਵਿੱਤੀ ਦੀਵਾਲੀਆਪਣ ਹੈ, ਕੋਈ ਕਾਨੂੰਨ ਤੇ ਵਿਵਸਥਾ ਨਹੀਂ, ਨਸ਼ਿਆਂ ਦਾ ਪ੍ਰਸਾਰ ਹੋ ਰਿਹ ਹੈ, ਕੋਈ ਨਵਾਂ ਉਦਯੋਗ ਨਹੀਂ, ਬੇਰੁਜ਼ਗਾਰੀ ਵੱਧ ਰਹੀ , ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਸਰਕਾਰੀ ਮੁਲਾਜ਼ਮਾਂ ਵਿੱਚ ਤਨਾਅ ਭਰਿਆ ਮਹੌਲ ਹੈ। ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜ ਸਾਲ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਦੇਖ ਚੁੱਕੇ ਹਨ ਅਤੇ ਉਹ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੂੰ ਵੋਟ ਦੇਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply