
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ‘ਚ ਹੋਰਾਂ ਨਾਲੋਂ ਘੱਟ ਨਹੀਂ ਹਨ।ਅਜਿਹੀ ਹੀ ਹੈਂਡਬਾਲ ਖੇਡ ਖੇਤਰ ਦਾ ਚਮਕਦਾ ਹਸਤਾਖਰ ਹੈ ਕੌਮੀ ਖਿਡਾਰਣ ਸਿਮਰਨਜੀਤ ਕੌਰ ਸਿੱਧੂ। ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਖੇਡ ਖੇਤਰ ਦੇ ਵਿੱਚ ਅਹਿਮ ਮੱਲਾਂ ਮਾਰਦੇ ਹੋਏ ਆਪਣੇ ਸਰਕਾਰੀ ਕੰਨਿਆ ਸੀ.ਸੈ: ਸਕੂਲ (ਬੇਦੀ ਸਕੂਲ) ਪੁਤਲੀਘਰ ਤੇ ਆਪਣੇ ਮਾਪਿਆਂ ਦਾ ਨਾਂ ਕੌਮੀ ਖਾਕੇ ਤੇ ਚਮਕਾਇਆ ਹੈ।13 ਨਵੰਬਰ 2000 ਨੂੰ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਹਰਮੀਤ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੀ ਸਿਮਰਨਜੀਤ ਕੌਰ ਨੇ ਵੈਸੇ ਤਾਂ ਮਿਡਲ ਕਲਾਸ ਤੱਕ ਸੱਭਿਆਚਾਰਕ ਖੇਤਰ ਦੇ ਵਿੱਚ ਚੰਗੀ ਧਾਂਕ ਜਮਾਈ ਤੇ ਫਿਰ 2014 ਦੇ ਦੋਰਾਨ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੈਂਡਬਾਲ ਖੇਡ ਖੇਤਰ ਨੂੰ ਚੁਣ ਕੇ ਅੰਤਰ ਰਾਸ਼ਟਰੀ ਸਾਈਂ ਕੋਚ ਬਲਦੀਪ ਸਿੰਘ ਸੋਹੀ ਨੂੰ ਆਪਣਾ ਗੁਰੂ ਧਾਰ ਲਿਆ ਤੇ ਫਿਰ ਮੁੜਕੇ ਪਿੱਛੇ ਨਹੀਂ ਦੇਖਿਆ। ਉਸਨੇ ਇੱਕ ਸਾਲ ਬਾਅਦ ਹੀ 2015 ਦੇ ਦੋਰਾਨ ਮਨਚੇਰੀਅਨ ਤੇਲੰਗਨਾ ਵਿਖੇ ਹੋਈ 31ਵੀਂ ਸਬ-ਜੂਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਦੇ ਅੰਡਰ-14 ਦੇ ਉਮਰ ਵਰਗ ਦੇ ਮੁਕਾਬਲੇ ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ ਤੇ ਫਿਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਖੇ ਹੋਈ 32ਵੀਂ ਸਬ ਜੂਨੀਅਰ ਨੈਸ਼ਨਲ ਹੈਂਡਬਾਲ ਪ੍ਰਤਿਯੋਗਿਤਾ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਜਦੋਂ ਕਿ ਸਾਈਂ ਟੀਮ ਦੇ ਵੱਲੋਂ ਚੰਡੀਗੜ੍ਹ ਰੀਜ਼ਨ ਵਿੱਚ ਵੀ ਇੱਕ ਬੇਮਿਸਾਲ ਖਿਡਾਰੀ ਹੋਣ ਦਾ ਸਬੂਤ ਦਿੱਤਾ।ਉਸ ਨੇ 38ਵੀਂ ਪੰਜਾਬ ਹੈਂਡਬਾਲ ਚੈਂਪੀਅਨਸ਼ਿਪ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਅੰਡਰ-19 ਸਾਲ ਉਮਰ ਵਰਗ ਜ਼ਿਲ੍ਹਾ ਸਕੂਲਜ਼ ਟੂਰਨਾਮੈਂਟ 2016 ਦੇ ਦੋਰਾਨ ਸਿਲਵਰ ਮੈਡਲ ਹਾਂਸਲ ਕੀਤਾ।ਅੰਤਰਰਾਸ਼ਟਰੀ ਸਾਈਂ ਕੋਚ ਬਲਦੀਪ ਸਿੰਘ ਸੋਹੀ ਦੀ ਲਾਡਲੀ ਸ਼ਾਗਿਰਦ ਸਿਮਰਨਜੀਤ ਕੌਰ ਸਿੱਧੂ ਦੇ ਕੋਲੋਂ ਹੈਂਡਬਾਲ ਖੇਡ ਖੇਤਰ ਨੂੰ ਬੜੀਆਂ ਆਸਾਂ ਹਨ।ਉਸ ਨੂੰ ਕਈ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਤੋਂ ਪਿਆਰ ਤੇ ਸਨਮਾਨ ਮਿਲ ਚੁਕੇ ਹਨ।ਰੱਬ ਕਰੇ ਕਿ ਇਹ ਕੌਮੀ ਖਿਡਾਰਣ ਜਿੱਤ ਦੇ ਸ਼ਾਨਾਮੱਤੇ ਇਤਿਹਾਸ ਦੀ ਸੁਨਿਹਰੀ ਹਸਤਾਖਰ ਬਣੇ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media