ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਵਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਪ੍ਰਾਜੈਕਟ ਤਹਿਤ ਵਧੀਆ ਕਿਸਮ ਦੇ ਕਲੋਨਲ ਸਫੈਦੇ ਦੇ ਬੂਟੇ ਕਿਸਾਨਾਂ ਨੂੰ ਮੁਫ਼ਤ ਸਪਲਾਈ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਕਲੋਨਲ ਸਫੈਦੇ ਦੇ ਬੂਟੇ ਜਲਦੀ ਵਧਣ ਕਾਰਨ ਜ਼ਿਆਦਾ ਪੈਦਾਵਾਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੂਟੇ ਤਕਰੀਬਨ 5 ਤੋਂ 6 ਸਾਲਾਂ ਦੇ ਸਮੇਂ ਵਿਚ ਹੀ ਕੱਟਣ ਲਈ ਤਿਆਰ ਹੋ ਜਾਂਦੇ ਹਨ।
ਇਸ ਸਕੀਮ ਦੇ ਫਾਇਦੇ ਬਾਰੇ ਦੱਸਦਿਆਂ ਸ੍ਰੀ ਰੂਜਮ ਨੇ ਦੱਸਿਆ ਕਿ ਜਿਹੜੇ ਕਿਸਾਨ ਆਪਣੀ ਜ਼ਮੀਨ ‘ਤੇ ਫ਼ਸਲੀ ਵਿਭਿੰਨਤਾ ਤਹਿਤ ਸਫੈਦੇ ‘ਤੇ ਆਧਾਰਿਤ ਵਣ ਖੇਤੀ ਕਰਨ ਲਈ ਚਾਹਵਾਨ ਹਨ, ਉਨ੍ਹਾਂ ਲਈ ਇਹ ਸਕੀਮ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਕਿਸਾਨ ਇਹ ਬੂਟੇ ਬਲਾਕ ਅਤੇ ਬੰਧ ‘ਤੇ ਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿਚ ਲਗਾਏ ਗਏ ਰੁੱਖਾਂ ਦੇ ਅਧੀਨ ਰਕਬੇ ਉੱਤੇ ਅਤੇ ਲਗਾਏ ਗਏ ਰੁੱਖਾਂ ਉੱਤੇ ਕੋਈ ਵੀ ਵਣ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਲਗਾਏ ਗਏ ਰੁੱਖਾਂ ਅਤੇ ਜ਼ਮੀਨਾਂ ਉੱਤੇ ਪੂਰਾ ਹੱਕ ਹਮੇਸ਼ਾ ਕਿਸਾਨਾਂ ਦਾ ਹੀ ਰਹੇਗਾ।
ਸਕੀਮ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਫੈਦੇ ਦੇ ਬੂਟੇ ‘ਪਹਿਲਾਂ ਆਓ ਅਤੇ ਪਹਿਲਾਂ ਪਾਓ’ ਦੇ ਆਧਾਰ ‘ਤੇ ਦਿੱਤੇ ਜਾਣਗੇ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸਾਲ 2016-17 ਲਈ ਆਪਣੀ-ਆਪਣੀ ਜ਼ਰੂਰਤ ਅਨੁਸਾਰ ਜਲਦੀ ਤੋਂ ਜਲਦੀ ਸਫੈਦੇ ਦੇ ਬੂਟਿਆਂ ਦੀ ਮੰਗ ਆਪਣੇ ਨੇੜੇ ਦੇ ਵਣ ਮੰਡਲ ਅਫ਼ਸਰ/ਵਣ ਰੇਂਜ ਅਫ਼ਸਰ ਕੋਲ ਰਜਿਸਟ੍ਰੇਸ਼ਨ ਫਾਰਮ ਭਰ ਕੇ ਬੁੱਕ ਕਰਵਾ ਕੇ ਸਰਕਾਰੀ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲਈ ਅੰਮ੍ਰਿਤਸਰ ਵਣ ਮੰਡਲ ਦੇ ਟੈਲੀਫੋਨ ਨੰਬਰ 0183-2585480 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media