ਹਿੰਮਤ ਹੈ ਤਾਂ 6 ਮਹੀਨੇ ਵਿੱਚ ਮੈਨੂੰ ਗ੍ਰਿਫਤਾਰ ਕਰੇ, ਨਹੀਂ ਤਾਂ ਉਸ ਨੂੰ ਗ੍ਰਿਫਤਾਰ ਕਰਾਂਗਾ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖੁੱਲੀ ਲਲਕਾਰ ਦਿੰਦੇ ਹੋਏ ਕਿਹਾ ਹੈ ਕਿ 6 ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਨਸ਼ਾ ਤਸਕਰ ਦੇ ‘ਸਰਦਾਰ’ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਅਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਰਕਟ ਹਾਉਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਆਪਣੇ ਸਮਰਥੱਕਾਂ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੋਪੁਰ, ਸੰਸਦ ਭਗਵੰਤ ਮਾਨ ਅਤੇ ਹੋਰ ਉੱਘੇ ਆਗੂ ਮੌਜੂਦ ਸਨ।
ਇਸ ਦੌਰਾਨ ਆਪਣੇ ਤਿੱਖੇ ਭਾਸ਼ਣ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਬਿਕਰਮ ਸਿੰਘ ਮਜੀਠੀਆ ਦੇ ਕੋਲ ਕੇਵਲ 6 ਮਹੀਨੇ ਰਹਿ ਗਏ ਹਨ।ਇਨ੍ਹਾਂ 6 ਮਹੀਨੀਆਂ ਵਿੱਚ ਜੇਕਰ ਮਜੀਠੀਆ ਸਾਨੂੰ ਗ੍ਰਿਫਤਾਰ ਕਰਨ ਦਾ ਦਮ ਰੱਖਦਾ ਹੈ ਤਾਂ ਗ੍ਰਿਫਤਾਰ ਕਰ ਲਵੇ, ਨਹੀਂ ਤਾਂ 6 ਮਹੀਨੇ ਬਾਅਦ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।ਸਰਕਾਰ ਬਣਦੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸਾਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ।’
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਆਪਣੇ ਕੁਸ਼ਾਸਨ ਦੌਰਾਨ ਬਾਦਲਾਂ ਅਤੇ ਮਜੀਠੀਏ ਨੇ ਘਰ-ਘਰ ਨਸ਼ਾ ਪਹੁੰਚਾ ਦਿੱਤਾ ਹੈ।ਨੌਜਵਾਨ ਵਰਗ ਨੂੰ ਬਰਬਾਦ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ।ਉਪਰੋਂ ਜੋ ਵੀ ਇਨ੍ਹਾਂ ਦੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਖਿਲਾਫ ਅਵਾਜ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਉਸ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ, ਡਰਾਇਆ ਜਾਂਦਾ ਹੈ।ਜੇਕਰ ਬਤੌਰ ਮੁੱਖ ਮੰਤਰੀ ਮੇਰੇ ਉੱਤੇ ਕੇਸ ਕਰ ਸਕਦੇ ਹਨ ਤਾਂ ਪੰਜਾਬ ਵਿੱਚ ਆਮ ਆਦਮੀ ਦਾ ਕੀ ਹਾਲ ਹੋਵੇਗਾ? ਪਰੰਤੂ ਪੰਜਾਬ ਭਰ ਵਿੱਚ ਮਜੀਠੀਆ ਨੂੰ ਡਰਗ ਤਸਕਰਾਂ ਦਾ ਸਰਦਾਰ ਦੱਸਣ ਵਾਲੇ ਹੋਰਡਿੰਗਸ, ਬੈਨਰ ਅਤੇ ਬੋਰਡਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਅਤੇ ਮਜੀਠੀਏ ਤੋਂ ਡਰਨ ਵਾਲੇ ਨਹੀਂ ਹਨ।
Punjab Post Daily Online Newspaper & Print Media