
ਬਠਿੰਡਾ, 2 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਕੂੜਾ ਕਰਕਟ ਖਤਮ ਕਰਨ ਲਈ ਲਾਇਆ ਗਿਆ ਵੇਸਟ ਪਲਾਂਟ ਜਿੱਥੇ ਨਾਲ ਲਗਦੇ ਅੱਧੀ ਦਰਜਨ ਦੇ ਕਰੀਬ ਮੁਹੱਲਾ ਵਾਸੀਆਂ ਲਈ ਮਰ ਮਿਟਣ ਦਾ ਸਵਾਲ ਬਣਿਆ ਪਿਆ ਹੈ, ਉੱਥੇ ਹੀ ਅਕਾਲੀ ਆਗੂਆਂ ਲਈ ਇਹ ਮਸਲਾ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਦ ਇਹ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਸੀ ਤਾਂ ਉਸ ਮੌਕੇ ਮਤੀ ਦਾਸ ਨਗਰ, ਹਰਬੰਸ ਨਗਰ, ਨਛੱਤਰ ਨਗਰ ਵਾਸੀਆਂ ਨੇ ਇਸ ਪਲਾਂਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਲਈ ਸੰਘਰਸ਼ ਕਮੇਟੀ ਦਾ ਗਠਨ ਕੀਤਾ ਤੇ ਉਨ੍ਹਾਂ ਲਗਾਤਾਰ ਧਰਨਿਆਂ ਦਾ ਦੌਰ ਵੀ ਚਲਦਾ ਰਿਹਾ ਤੇ ਇਸ ਦਾ ਡਟਵਾਂ ਵਿਰੋਧ ਕੀਤਾ ਸੀ, ਪਰ ਨਗਰ ਨਿਗਮ ਇਸ ਕੇਸ ਨੂੰ ਗਰੀਨ ਟ੍ਰਿਬਿਊਨਲ ਕੋਲ ਲੈ ਗਿਆ ਸੀ ਜਿੱਥੇ ਕਾਫੀ ਦੇਰ ਕੇਸ ਚੱਲਣ ਤੋਂ ਬਾਅਦ ਅਤੇ ਇਸ ਪਲਾਂਟ ਦੁਆਰਾ ਕੋਈ ਪ੍ਰਦੂਸ਼ਣ ਨਾ ਫੈਲਾਉਣ ਦੇ ਭਰੋਸੇ ਤੋਂ ਬਾਅਦ ਇਹ ਪਲਾਂਟ ਸਥਾਪਿਤ ਕਰ ਦਿੱਤਾ ਸੀ ਪਰ ਪਲਾਂਟ ਚੱਲਣ ਦੇ ਪਹਿਲੇ ਦਿਨ ਤੋਂ ਹੀ ਇਹ ਕਚਰਾ ਪਲਾਂਟ ਆਸ ਪਾਸ ਦੇ ਬਸ਼ਿੰਦਿਆਂ ਲਈ ਨਰਕ ਦਾ ਦੁਆਰ ਬਣਿਆ ਹੋਇਆ ਹੈ।ਜਦ ਇਹ ਪਲਾਂਟ ਚਲਦਾ ਹੈ ਤਾਂ ਇਸ ਦੇ ਕਈ ਕਿਲੋਮੀਟਰ ਤੱਕ ਬਦਬੂ ਮਾਰਨ ਕਾਰਨ ਲੋਕ ਮੂੰਹ ਬੰਨ੍ਹਣ ਲਈ ਮਜ਼ਬੂਰ ਹਨ ਤੇ ਉਹ ਸਮੇਂ ਸਿਰ ਰੋਟੀ ਵੀ ਨਹੀਂ ਖਾ ਸਕਦੇ, ਇਸ ਤੋਂ ਇਲਾਵਾ ਉਹ ਵਿਹੜੇ ਵਿੱਚ ਵੀ ਸੌਂ ਸਕਦੇ ਅਤੇ ਕੂਲਰ ਵੀ ਬਾਹਰੋਂ ਗੰਦੀ ਹਵਾ ਹੀ ਅੰਦਰ ਸੁੱਟਦੇ ਹਨ ਜਿਸ ਕਾਰਨ ਪੂਰਾ ਘਰ ਹੀ ਬਦਬੂ ਮਾਰਨ ਲੱਗ ਪੈਂਦਾ ਹੈ।ਇਹ ਬਦਬੂ ਇਨ੍ਹਾਂ ਇਲਾਕਿਆਂ ਤੋਂ ਇਲਾਵਾ ਹਵਾ ਦੇ ਰੁਖ ਮੁਤਾਬਿਕ ਹੁਣ ਗੁਰੂ ਕੀ ਨਗਰੀ, ਸਿਵਲ ਲਾਈਨ, ਸੌ ਫੁੱਟੀ ਰੋਡ, ਮਾਡਲ ਟਾਊਨ ਫੇਜ਼ 1 ਤੇ 2, ਬਾਬਾ ਦੀਪ ਇੰਘ ਨਗਰ ਆਦਿ ਇਲਾਕਿਆਂ ਵਿੱਚ ਵੀ ਜਾਂਦੀ ਹੈ। ਬਾਅਦ ਵਿੱਚ ਨਿਗਮ ਅਧਿਕਾਰੀਆਂ ਦੁਆਰਾ ਕੰਪਨੀ ਨੂੰ ਬਦਬੂ ਬੰਦ ਕਰਨ ਲਈ ਕਿਹਾ ਤਾਂ ਕੰਪਨੀ ਦੁਆਰਾ ਕੂੜੇ ਉੱਪਰ ਸੈਂਟ ਵੀ ਛਿੜਕਿਆ ਗਿਆ, ਪਰ ਬਦਬੂ ਬੰਦ ਨਹੀਂ ਹੋਈ। ਹੁਣ ਭਾਵੇਂ ਪਲਾਂਟ ਇੱਕ ਵਾਰ ਬੰਦ ਕਰ ਦਿੱਤਾ ਗਿਆ ਹੈ ਪਰ ਪਿਛਲੇ ਦਿਨੀਂ ਕਚਰਾ ਪਲਾਂਟ ਲਾਉਣ ਦੇ ਹੱਕ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਨਾਲ ਇਹ ਮਸਲਾ ਫਿਰ ਗਰਮਾ ਗਿਆ। ਇਲਾਕਾ ਵਾਸੀਆਂ ਨੇ ਇੱਕ ਵਾਰ ਫੇਰ ਸੰਘਰਸ਼ ਦਾ ਐਲਾਨ ਕਰਕੇ ਇਸ ਪਲਾਂਟ ਨੂੰ ਚੁਕਵਾਉਣ ਲਈ ਸਿਰਧੜ ਦੀ ਬਾਜ਼ੀ ਲਾਉਣ ਦਾ ਮਨ ਬਣਾ ਲਿਆ ਹੈ।ਉਧਰ ਸ਼ਹਿਰੀ ਵਿਧਾਇਕ ਸਰੂਪ ਚੰਦ ਸਿੰਗਲਾ ਦੁਆਰਾ ਇਸ ਪਲਾਂਟ ਨੂੰ ਲੈ ਕੇ ਭਾਵੁਕ ਬਿਆਨ ਦਿੱਤਾ ਕਿ ਜੇਕਰ ਲੋਕਾਂ ਦੀ ਆਵਾਜ਼ ਨਾ ਸੁਣੀ ਗਈ ਤਾਂ ਉਹ ਅਸਤੀਫਾ ਦੇ ਦੇਣਗੇ, ਪਰ ਸੰਘਰਸ਼ ਕਮੇਟੀ ਨੇ ਬਿਆਨ ਜਾਰੀ ਕਰਕੇ ਸਰੂਪ ਚੰਦ ਸਿੰਗਲਾ ਨੂੰ ਭਾਵੁਕ ਨਾ ਹੋ ਕੇ ਵਾਅਦਾ ਨਿਭਾਉਣ ਲਈ ਕਿਹਾ।ਸੰਘਰਸ਼ ਕਮੇਟੀ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਬੀਬੀ ਨੂੰ ਕਚਰਾ ਪਲਾਂਟ ਵਾਲੀ ਕੰਪਨੀ ਨਾਲ ਜਿਆਦਾ ਹੇਜ਼ ਹੈ ਤਾਂ ਉਹ ਇਸ ਪਲਾਂਟ ਨੂੰ ਆਪਣੇ ਪਿੰਡ ਬਾਦਲ ਵਿਖੇ ਸਥਾਪਿਤ ਕਰਵਾ ਲੈਣ।ਉਨ੍ਹਾਂ ਕਿਹਾ ਕਿ ਬੀਬੀ ਨੂੰ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਦੀ ਉਪਾਧੀ ਇਨ੍ਹਾਂ ਲੋਕਾਂ ਨੇ ਹੀ ਦਿਵਾਈ ਹੈ।ਉਨ੍ਹਾਂ ਕਿਹਾ ਕਿ ਭਾਵੇਂ ਬੀਬੀ ਨੇ ਏਮਜ਼ ਹਸਪਤਾਲ ਬਠਿੰਡਾ ਲਈ ਲਿਆਂਦਾ, ਪਰ ਇਸ ਕਚਰਾ ਪਲਾਂਟ ਤੋਂ ਮਹਿਜ਼ ਦੋ ਕਿਲੋਮੀਟਰ ਸਥਾਪਿਤ ਹੋ ਰਹੇ ਏਮਜ਼ ਦੀ ਬਦਬੂ ਕਾਰਨ ਕੀ ਹਾਲਤ ਹੋਵੇਗੀ।ਇਸ ਪਲਾਂਟ ਦੀ ਮਾਰ ਹੇਠ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਏਮਜ਼, ਖੇਤੀਬਾੜੀ ਮੁੱਖ ਦਫਤਰ, ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ, ਮਿਲਕ ਪਲਾਂਟ ਆਦਿ ਵੀ ਆ ਰਹੇ ਹਨ।ਉਧਰ ਸਥਾਨਿਕ ਅਕਾਲੀ ਆਗੂਆਂ ਦੀ ਸਥਿਤੀ ਇਸ ਪਲਾਂਟ ਕਾਰਨ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਉਹ ਭਾਵੇਂ ਇਲਾਕਾ ਵਾਸੀਆਂ ਨਾਲ ਇਸ ਪਲਾਂਟ ਲਈ ਖੜ੍ਹੇ ਹੋਣ ਦਾ ਦਮ ਭਰਦੇ ਹਨ ਪਰ ਪਾਰਟੀ ਵਿਰੋਧੀ ਬਿਆਨ ਵੀ ਦੇਣ ਤੋਂ ਕਤਰਾਉਂਦੇ ਹਨ।ਸਭ ਤੋਂ ਮਾੜੀ ਹਾਲਤ ਇਨ੍ਹਾਂ ਵਾਰਡਾਂ ਦੇ ਕੌਂਸਲਰਾਂ ਦੀ ਬਣੀ ਹੋਈ ਹੈ ਜੋ ਮੀਟਿੰਗ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹ ਕੇ ਹਰ ਕੁਰਬਾਨੀ ਕਰਨ ਦਾ ਵਾਅਦਾ ਕਰਦੇ ਹਨ।
ਸੰਘਰਸ਼ ਕਮੇਟੀ ਹੁਣ 3 ਅਗਸਤ ਨੂੰ ਸ਼ਾਮ ਸਮੇਂ ਹੋ ਰਹੀ ਮੀਟਿੰਗ ਦੌਰਾਨ ਇਸ ਪਲਾਂਟ ਦੇ ਖਿਲਾਫ਼ ਸਖਤ ਕਦਮ ਚੁੱਕਣ ਜਾ ਰਹੀ ਹੈ ਜਿਸ ਵਿੱਚ ਅਕਾਲੀ ਬਾਜਪਾ ਦਾ ਬਾਈਕਾਟ ਵੀ ਸ਼ਾਮਲ ਹੈ।ਇਸ ਤੋਂ ਇਲਾਵਾ ਕੂੜੇ ਦੇ ਭਰੇ ਵਾਹਨ ਰੋਕਣੇ, ਪਲਾਂਟ ਦਾ ਰਸਤਾ ਜਾਮ ਕਰਨਾ, ਸਾਰੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨਾ, ਸ਼ਹਿਰ ਵਿੱਚ ਚੇਤਨਾ ਰੈਲੀ ਕੱਢਣਾ ਤੇ ਪੋਸਟਰ ਲਾ ਕੇ ਨੁੱਕੜ ਮੀਟਿੰਗਾਂ ਕਰਨੀਆਂ, ਮਰਨ ਵਰਤ ਤੇ ਬੈਠਣਾ ਆਦਿ ਕਦਮ ਹੋ ਸਕਦੇ ਹਨ।ਇਸ ਮੌਕੇ ਨਛੱਤਰ ਸਿੰਘ, ਵਿਜੈ ਕੁਮਾਰ ਵਿਸ਼ਿਸ਼ਟ, ਬਲਵਿੰਦਰ ਸਿੰਘ ਵਾਲੀਆ, ਭਰਪੂਰ ਸਿੰਘ, ਗੁਰਜੰਟ ਸਿੰਘ, ਮੋਦਨ ਸਿੰਘ ਮਾਨ, ਰਣਜੀਤ ਸਿੰਘ ਜਲਾਲ, ਸ਼ਾਹਬਾਜ਼ ਸਿੰਘ ਬਾਗੂ, ਸੁਖਦੇਵ ਸਿੰਘ ਗਿੱਲ, ਗੁਰਅਵਤਾਰ ਸਿੰਘ ਗੋਗੀ, ਬਿਕਰਮ ਸਿੰਘ ਧਿੰਗੜ, ਕੈਪਟਨ ਮੱਲ ਸਿੰਘ, ਐਡਵੋਕੇਟ ਰਣਧੀਰ ਸਿੰਘ, ਹਰਦੇਵ ਬਾਂਸਲ, ਪ੍ਰੇਮ ਪਰਾਸ਼ਰ, ਬੀਬੀ ਪਰਮਜੀਤ ਕੌਰ, ਅਮਰਜੀਤ ਕੌਰ ਮਾਹੀਨੰਗਲ ਆਦਿ ਮੌਜੂਦ ਸਨ।
Punjab Post Daily Online Newspaper & Print Media