Friday, March 6, 2026

ਵਿਕਾਸ ਦੇ ਮੁੱਦੇ ‘ਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ ਗਠਜੋੜ- ਮਜੀਠੀਆ

PPN0208201610

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਟਾਖਸ਼ ਕਸਦਿਆਂ ਕਿਹਾ ਕਿ ਝੂਠ ਦੀ ਰਾਜਨੀਤੀ ਜੋ ਦਿੱਲੀ ਵਿੱਚ ਚਲਾਈ ਜਾ ਰਹੀ ਹੈ ਉਹ ਪੰਜਾਬ ਵਿੱਚ ਨਹੀਂ ਚੱਲੇਗੀ, ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦਾ ਮੁੱਖ ਏਜੰਡਾ ਵਿਕਾਸ ਹੈ ਅਤੇ ਕਰਾਏ ਗਏ ਵਿਕਾਸ ਦੇ ਮੁੱਦੇ ‘ਤੇ ਗੱਠਜੋੜ ਚੋਣ ਮੈਦਾਨ ਵਿੱਚ ਉੱਤਰੇਗੀ ਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ।
ਸ: ਮਜੀਠੀਆ ਅੱਜ ਇੱਥੇ ਅੰਮ੍ਰਿਤਸਰ ਵਿਖੇ 5 ਕਰੋੜ ਦੀ ਲਾਗਤ ਨਾਲ ਉੱਸਾਰੇ ਗਏ ਦੋ ਵਿਸ਼ਵ ਪੱਧਰੀ ਅਤਿ ਆਧੁਨਿਕ ਸਬ ਰਜਿਸਟਰਾਰ ਦਫ਼ਤਰਾਂ ਦਾ ਉਦਘਾਟਨ ਕਰਨ ਆਏ ਸਨ।ਸ. ਮਜੀਠੀਆ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਲ ਵਿਭਾਗ ਸਰਕਾਰ ਦਾ ਇੱਕ ਅਹਿਮ ਵਿਭਾਗ ਹੈ ਜਿੱਥੇ ਇਹ ਉਚੇਚਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਇੱਥੇ ਕੰਮ ਕਰਾਉਣ ਆਉਂਦੇ ਲੋਕਾਂ ਨੂੰ ਸਹੂਲਤਾਂ ਅਤੇ ਚੰਗਾ ਤਜਰਬਾ ਮਿਲੇ ।ਸ: ਮਜੀਠੀਆ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ ਅਤੇ ਮੁਹਾਲੀ ਆਦਿ ਜੋ ਕਿ ਵਿਭਾਗ ਦੇ ਰੈਵੀਨਿਊ ਮੁਤਾਬਿਕ ਏ ਅਤੇ ਏ ਪਲਸ ਸ਼੍ਰੇਣੀ ਵਿੱਚ ਆਉਂਦੇ ਹਨ, ਦੇ ਰਜਿਸਟਰਾਰ ਦਫ਼ਤਰ ਵਿਸ਼ਵ ਪੱਧਰੀ ਅਤਿ ਆਧੁਨਿਕ ਬਣਾਏ ਜਾ ਰਹੇ ਹਨ।ਉਹਨਾਂ ਦੱਸਿਆ ਕਿ ਉਕਤ ਦਫ਼ਤਰਾਂ ਵਿੱਚ ਪਾਸਪੋਰਟ ਦਫ਼ਤਰ ਦੀ ਤਰਜ਼ ‘ਤੇ ਕੰਮ ਹੋਣਗੇ ਤਾਂ ਜੋ ਲੋਕਾਂ ਨੂੰ ਇੰਨਾ ਦਫ਼ਤਰਾਂ ਵਿੱਚ ਕਿਸੇ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣ ਲਈ 250 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 7 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ 20 ਤਹਿਸੀਲ ਕੰਪਲੈਕਸਾਂ ਦੀ ਉੱਸਾਰੀ ਦਾ ਕੰਮ ਚੱਲ ਰਿਹਾ ਹੈ, ਜੋ ਕਿ ਆਉਣ ਵਾਲੇ ਇਕ-ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ 70 ਫੀਸਦੀ ਲੋਕ ਈ ਸਟੈੱਪ ਸਹੂਲਤ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੇ ਖੂਨ ਦੇ ਰਿਸ਼ਤੇ ਵਿੱਚ ਫੀਸ ਮੁਕਤ ਜਾਇਦਾਦ ਦਾ ਤਬਾਦਲਾ, ਟੋਲ ਫਰੀ ਨੰਬਰ ਹੈਲਪ ਲਾਈਨ ਨੰਬਰ ਅਤੇ ਪੰਜਾਬ ਭਰ ਵਿੱਚ ਫਰਦਾਂ ਦੀ ਨਕਲ ਲੈਣ ਲਈ 164 ਫਰਦ ਕੇਂਦਰ ਖੋਲ੍ਹੇ ਹਨ, ਜਿੱਥੋਂ ਲੋਕ 2 ਤੋਂ 5 ਮਿੰਟ ਵਿੱਚ ਮਾਲ ਵਿਭਾਗ ਦੀਆਂ ਸੇਵਾਵਾਂ ਲੈ ਰਹੇ ਹਨ।
ਸ. ਮਜੀਠੀਆ ਨੇ ਕਿਹਾ ਕਿ ਜੋ ਵਿਰੋਧੀ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਅੱਖਾਂ ਖੋਲ੍ਹ ਕੇ ਪੰਜਾਬ ਵਿੱਚ ਹੋ ਰਿਹਾ ਵਿਕਾਸ, ਮੁੱਢਲੇ ਢਾਂਚਾ ਦਾ ਕੀਤਾ ਜਾ ਰਿਹਾ ਵਿਸਥਾਰ, ਪੈਦਾ ਹੋ ਰਹੀ ਵਾਧੂ ਬਿਜਲੀ, ਇੰਡਸਟਰੀ ਨੂੰ ਦੂਜੇ ਰਾਜਾਂ ਨਾਲੋਂ ਸਸਤੀ ਬਿਜਲੀ ਦੇਣੀ ਅਤੇ ਆਟਾ-ਦਾਲ, ਮੁਫ਼ਤ ਇਲਾਜ ਵਰਗੀਆਂ ਮਿਲ ਰਹੀਆਂ ਸਹੂਲਤਾਂ ਵੇਖ ਲੈਣੀਆਂ ਚਾਹੀਦੀਆਂ ਹਨ।
ਕੇਜਰੀਵਾਲ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਕਿਹਾ ਕਿ ਇਹ ਲੋਕ ਦੋਗਲੀ ਰਾਜਨੀਤੀ ਕਰਕੇ ਲੋਕਾਂ ਦੇ ਨਾਲ-ਨਾਲ ਅਦਾਲਤ ਨੂੰ ਵੀ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਬੇਬੁਨਿਆਦ ਦੋਸ਼ ਲਗਾਉਣ ਵਾਲਾ ਕੇਜਰੀਵਾਲ ਟੋਲਾ ਟੈਲੀਵਿਜ਼ਨ ਅਤੇ ਹੋਰ ਸਾਧਨਾਂ ‘ਤੇ ਬਹਿਸ ਵਿੱਚ ਤਾਂ ਬੜੀਆਂ ਗੱਪਾਂ ਮਾਰਦੇ ਹਨ, ਪਰ ਅਦਾਲਤ ਵਿੱਚ ਮਾਮਲਾ ਆਉਣ ‘ਤੇ ਜ਼ਮਾਨਤ ਲੈ ਕੇ ਭੱਜ ਨਿਕਲੇ। ਉਨ੍ਹਾਂ ਕਿਹਾ ਕਿ ਅਸ਼ੀਸ਼ ਖੇਤਾਨ ਖੇਤਾਨ ਘਟ ਸ਼ੈਤਾਨ ਵੱਧ ਹਨ ਜਿਸ ਨੇ ਤਿੰਨ ਦਿਨਾਂ ਦੀ ਡਾਕਟਰ ਤੋਂ ਰੈਸਟ ਲਿਖਾ ਕੇ ਮੈਡੀਕਲ ਅਧਾਰ ‘ਤੇ ਅਦਾਲਤ ਵਿੱਚੋ ਪੇਸ਼ੀ ਤੋਂ ਛੋਟ ਲਈ ਸੀ, ਪਰ ਕੱਲ੍ਹ ਦਿੱਲੀ ਵਿਖੇ ਇੱਕ ਟੀ.ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਾ ਵੇਖਿਆ ਗਿਆ ਜੋ ਕਿ ਇੱਕ ਤਰਾਂ ਨਾਲ ਅਦਾਲਤ ਦੀ ਤੌਹੀਨ ਹੈ। ਕੇਜਰੀਵਾਲ ਵੱਲੋਂ ਇਕਾਂਤ ਵਸ ਜਾਣ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਉਹਨਾਂ ਦੀ ਅਣਖ ਨੂੰ ਵੰਗਾਰਿਆ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਮੂੰਹ ਤੋੜ ਕਰਾਰਾ ਜਵਾਬ ਪੰਜਾਬ ਦੇ ਨੌਜਵਾਨਾਂ ਨੇ ਦਿੱਤਾ, ਇਸ ਲਈ ਉਹ 10 ਦਿਨ ਨਹੀਂ 25 ਦਿਨ ਆਪ ਦਾ ਇਲਾਜ ਕਰਾ ਕੇ ਆਵੇ।ਉਹਨਾਂ ਕਿਹਾ ਕਿ ਕੇਜਰੀਵਾਲ ਅੰਮ੍ਰਿਤਸਰ ਦੇ ਮਾਣਹਾਨੀ ਕੇਸ ਦੀ ਸੁਣਵਾਈ ਰੋਜ਼ਾਨਾ ਦੇ ਤਰਜ਼ ‘ਤੇ ਕਰਾਉਣ ਲਈ ਸਹਿਮਤੀ ਦੇਵੇ ਤਾਂ ਹਫ਼ਤਿਆਂ ਵਿੱਚ ਹੀ ਸੱਚੇ ਝੂਠੇ ਦਾ ਨਿਪਟਾਰਾ ਹੋ ਜਾਵੇਗਾ।
ਕਾਂਗਰਸ ਪਾਰਟੀ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਾਲਾਤ ਇਨ੍ਹਾਂ ਪੇਤਲਾ ਹੋ ਚੁੱਕਿਆ ਹੈ ਕਿ ਅੱਜ ਪੰਜਾਬ ਵਿੱਚ ਇਸ ਦਾ ਅਬਜ਼ਰਵਰ ਜਾਂ ਇੰਚਾਰਜ ਲੱਗਣ ਲਈ ਕੋਈ ਰਾਜ਼ੀ ਨਹੀਂ, ਕਿਉਂਕਿ ਸਭ ਨੂੰ ਪਤਾ ਹੈ ਕਿ ਕਾਂਗਰਸ ਦੀ ਪੰਜਾਬ ਵਿੱਚ ਤੀਜੀ ਵਾਰ ਹਾਰ ਨਿਸ਼ਚਿਤ ਹੈ ਤੇ ਜਿਹੜਾ ਵੀ ਇੰਜਾਰਜ਼ ਬਣਿਆ ਉਸੇ ਸਿਰ ਹਾਰ ਦਾ ਠੀਕਰਾ ਭੱਜਣਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂ ਵਾਲਾ,ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਕਾਰਜਕਾਰੀ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਜਗਮਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟੇਵੱਢ,ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਜਥੇਦਾਰ ਰਵੇਲ ਸਿੰਘ, ਚੇਅਰਮੈਨ ਸਹਿਕਾਰੀ ਬੈਂਕ ਕੰਵਲਜੀਤ ਸਿੰਘ ਗੁਰੂ ਵਾਲੀ, ਕੌਂਸਲਰ ਅਮਰੀਕ ਸਿੰਘ ਲਾਲੀ, ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨ ਪੁਰਾ, ਅਮੂ ਗੁੰਮਟਾਲਾ ਅਤੇ ਹੋਰ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply