Monday, November 9, 2026

ਸਾਰੇ ਜ਼ਿਲ੍ਹਾ ਵਾਸੀ ਆਪਣੇ ਘਰਾਂ ਅੱਗੇ ਖਾਲੀ ਥਾਵਾਂ ‘ਤੇ ਬੂਟੇ ਲਗਾਉਣ- ਡਿਪਟੀ ਕਮਿਸ਼ਨਰ

PPN0308201615 PPN0308201616ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਦਾ ਲਾਹਾ ਲੈਂੇਦੇ ਹੋਏ ਘਰਾਂ, ਫਾਰਮ ਹਾਊਸਾਂ ਅਤੇ ਹੋਰ ਕਾਰੋਬਾਰੀ ਸਥਾਨਾਂ ‘ਤੇ ਖਾਲੀ ਪਈ ਜ਼ਮੀਨ ਵਿਚ ਜ਼ਰੂਰ ਬੂਟੇ ਲਗਾਉਣ। ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚ ਚਾਂਦਨੀ, ਹੈਬਿਸਕਸ, ਕਨੇਰ, ਕੜ੍ਹੀ ਪੱਤਾ, ਮਧੂ ਮਾਲਤੀ, ਗੋਲਡਨ ਸ਼ਾਵਰ ਆਦਿ ਦੇ ਬੂਟੇ ਲਗਾਉਣ ਤੋਂ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ, ਸਮਾਜ ਸੇਵੀ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਸ੍ਰੀ ਰੂਜਮ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਦਰੱਖਤ ਲਗਾਉਣੇ ਬੇਹੱਦ ਜ਼ਰੂਰੀ ਹਨ। ਉਨਾਂ ਕਿਹਾ ਕਿ ਦਿਨੋ-ਦਿਨ ਮਨੁੱਖ ਆਪਣੀਆਂ ਲੋੜਾਂ ਲਈ ਜੰਗਲਾਂ ਦੀ ਕਟਾਈ ਧੜ੍ਹਲੇ ਨਾਲ ਕਰ ਰਿਹਾ ਹੈ, ਪਰ ਨਵੇਂ ਬੂਟੇ ਲਗਾਉਣ ਤੋਂ ਅਵੇਸਲਾ ਹੋਇਆ ਬੈਠਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਵਿਭਾਗਾਂ ਦੇ ਮੁੱਖ ਦੇ ਸਬ ਦਫਤਰਾਂ ਵਿਚ ਇਸ ਸੀਜ਼ਨ ਵਿਚ ਹਜ਼ਾਰ-ਹਜ਼ਾਰ ਬੂਟੇ ਜ਼ਰੂਰ ਲਗਾਉਣ। ਉਨਾਂ ਨੇ ਵੱਧ ਤੋਂ ਵੱਧ ਦਰਖਤ ਲਗਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਪ੍ਰੇਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਸੜਕਾਂ ਕਿਨਾਰੇ ਮਨਰੇਗਾ ਦੀ ਸਹਾਇਤਾ ਨਾਲ ਸਕੂਲਾਂ ਵਿਚ ਬੱਚਿਆਂ ਨੂੰ ਪ੍ਰੇਰ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਕਿਹਾ। ਸ੍ਰੀ ਰੂਜਮ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਸ ਵੀ ਵਿਭਾਗ ਕੋਲ ਵਾਧੂ ਥਾਂ ਖਾਲੀ ਪਈ ਹੈ, ਉਸ ਸਾਨੂੰ ਦੱਸ ਦੇਵੇ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦਾ ਪ੍ਰਬੰਧ ਕਰ ਦਿਆਂਗੇ।
ਇਸ ਮੌਕੇ ਹਾਜ਼ਰ ਸ੍ਰੀ ਦੀਪਕ ਬੱਬਰ ਵਾਤਾਵਰਣ ਪੱਖੀ ਸੰਸਥਾ ‘ਮਿਸ਼ਨ ਆਗਾਜ਼’ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿਚ ਤੇਜ਼ੀ ਨਾਲ ਹੋਈ ਦਰੱਖ਼ਤਾਂ ਦੀ ਕਟਾਈ ਦੀ ਭਰਪਾਈ ਕਰਨ ਲਈ ਸਾਡਾ ਸਾਥ ਦੇਣ, ਤਾਂ ਜੋ ਅਸੀਂ ਲੋਕਾਂ ਨੂੰ ਪ੍ਰੇਰ ਕੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਦਰਖਤ ਲਗਾ ਸਕੀਏ। ਉਨਾਂ ਇਸ ਲਈ ਜੰਗਲਾਤ ਵਿਭਾਗ, ਕਾਰਪੋਰੇਸ਼ਨ ਅਤੇ ਹੋਰ ਵਿਭਾਗਾਂ ਦਾ ਸਹਿਯੋਗ ਡਿਪਟੀ ਕਮਿਸ਼ਨਰ ਸਾਹਿਬ ਕੋਲੋਂ ਮੰਗਿਆ, ਜਿਸ ਲਈ ਫੌਰੀ ਤੌਰ ‘ਤੇ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕਰ ਦਿੱਤੇ। ਸ੍ਰੀ ਬੱਬਰ ਨੇ ਦੱਸਿਆ ਕਿ ਕਚਿਹਰੀ ਚੌਕ ਨੇੜੇ ਨਿਊ ਫਾਲੀਕਨ ਭੋਲਾ ਸਿੰਘ ਨਰਸਰੀ ਨੇ ਚਾਂਦਨੀ, ਹੈਬਿਸਕਸ, ਕਨੇਰ, ਕੜੀ ਪੱਤਾ, ਮਧੂ ਮਾਲਤੀ, ਗੋਲਡਨ ਸ਼ਾਵਰ ਵਰਾਇਟੀ ਦੇ ਦਰਖਤਾਂ ‘ਤੇ 50 ਫੀਸਦੀ ਡਿਸਕਾਊਂਟ ਦੇਣ ਦਾ ਵਾਅਦਾ ਕੀਤਾ ਹੈ, ਜੋ ਕਿ ਅਗਸਤ ਮਹੀਨੇ ਤੱਕ ਜਾਰੀ ਰਹੇਗਾ। ਇਸ਼ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ. ਪੀ. ਆਂਗਰਾ, ਡਿਪਟੀ ਡਾਇਰੈਕਟਰ ਬਾਗਬਾਨੀ ਸ. ਬਾਜ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਸ. ਬਲਵਿੰਦਰ ਸਿੰਘ ਛੀਨਾ, ਏ ਡੀ ਓ ਗੁਰਦੀਪ ਸਿੰਘ, ਬਾਗਬਾਨੀ ਅਧਿਕਾਰੀ ਰਣਜੀਤ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਰਾਮੇਸਵਰ ਦੱਤ ਸ਼ਰਮਾ, ਸਵਾਮੀ ਰਣਜੀਤਾ ਨੰਦ, ਸਵਿੰਦਰ ਸਿੰਘ ਬਬਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply