Wednesday, March 25, 2026

ਕਰਮਯੋਗੀ ਸਨ ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰਸੇਵਕ ਬਾਬਾ ਤਾਰਾ ਸਿੰਘ

PPN0508201607ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹੁੰਦੇ ਹਨ ਜੋ ਸਮਾਜ ਦੇ ਵਿੱਚ ਇੱਕ ਚਾਨਣ ਮੁਨਾਰਾ ਹੋ ਨਿਬੜਦੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਸਨ, ਉੱਘੇ ਕਾਰਸੇਵਕ ਤੇ ਗੁਰਬਾਣੀ ਪ੍ਰਚਾਰਕ ਬਾਬਾ ਤਾਰਾ ਸਿੰਘ ਪੁੱਤਰ ਸ. ਸੋਹਨ ਸਿੰਘ ਜਿਨ੍ਹਾਂ ਪੂਰਾ ਜੀਵਨ ਸਿੱਖੀ, ਸਿੱਖ ਰਹੁਰੀਤਾਂ, ਰਵਾਇਤਾਂ, ਪਰੰਪਰਾਵਾਂ, ਗੁਰਬਾਣੀ ਪ੍ਰਚਾਰ ਤੇ ਕਾਰਸੇਵਾ ਕਾਰਜਾਂ ਨੂੰ ਸਮਰਪਿਤ ਕੀਤਾ ਤੇ ਕਰਮਯੋਗੀ ਤਬੀਅਤ ਦੇ ਮਾਲਕ ਹੋ ਨਿੱਬੜੇ ਜੋ ਕਿ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਜਰਨੈਲ ਸਿੰਘ ਸਖੀਰਾ ਦੇ ਪਿਤਾ ਤੇ ਅੰਤਰਰਾਸ਼ਟਰੀ ਹਾਕੀ ਖਿਡਾਰਣ ਪਰਮਿੰਦਰਜੀਤ ਕੌਰ ਦੇ ਸਹੁਰਾ ਸਾਹਿਬ ਸਨ।ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਖੀਰਾ ਵਿਖੇ ਸੰਨ 1922 ਵਿਚ ਜਨਮੇ ਬਾਬਾ ਤਾਰਾ ਸਿੰਘ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ।ਉਹਨਾਂ ਉੱਘੇ ਗੁਰਬਾਣੀ ਪ੍ਰਚਾਰਕ ਤੇ ਮਹਾਨ ਕਾਰ ਸੇਵਕ ਸੰਤ ਬਾਬਾ ਖੜਕ ਸਿੰਘ ਨੂੰ ਆਪਣਾ ਆਦਰਸ਼ ਮੰਨਿਆ ਤੇ ਫਿਰ ਮੁਕੰਮਲ ਤੌਰ ਤੇ ਸਿੱਖੀ ਨੂੰ ਸਮਰਪਿਤ ਹੋ ਨਿੱਬੜੇ।ਸਿਆਣੀ ਤੇ ਸੁੱਘੜ ਬੀਬੀ ਸੁਰਜੀਤ ਕੌਰ ਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਉਹਨਾਂ ਦੇ 2 ਸਪੁੱਤਰਾਂ ਜਰਨੈਲ ਸਿੰਘ (ਪੀ.ਐਸ.ਪੀ.ਸੀ.ਐਲ) ਤੇ ਮੇਜਰ ਸਿੰਘ ਨੂੰ ਵੀ ਸਿੱਖੀ ਸਰੂਪ ਧਾਰਨ ਕਰਨ ਤੇ ਸਿੱਖੀ ਨੂੰ ਸਮਰਪਿਤ ਰਹਿਣ ਦੀ ਸਿੱਖਿਆ ਦੇ ਕੇ ਆਪ ਗ੍ਰਹਿਸਥ ਜੀਵਨ ਤੋਂ ਪਰ੍ਹਾਂ ਹੱਟ ਗਏ।
ਬਾਬਾ ਖੜਕ ਸਿੰਘ ਤੇ ਕਾਰ ਸੇਵਕ ਸੰਤ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਦੇ ਨਾਲ ਕਾਰ ਸੇਵਾ ਕਾਰਜਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਬਾਬਾ ਬੁੱਢਾ ਸਾਹਿਬ ਜੀ ਦੇ ਤਪ ਅਸਥਾਨ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਵਿਸ਼ਾਲ ਇਮਾਰਤ, ਲੰਗਰ ਹਾਲ, ਦੀਵਾਨ ਹਾਲ ਦੇ ਕਾਰਸੇਵਾ ਕਾਰਜਾਂ ਤੋਂ ਇਲਾਵਾ, ਗੁਰਦੁਆਰਾ ਸੰਨ ਸਾਹਿਬ ਵਿਖੇ ਗੋਲਕ ਦੀ ਸੇਵਾ ਕਰਨ ਤੋਂ ਇਲਾਵਾ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ, ਗੁ: ਸ੍ਰੀ ਰਾਮਸਰ ਸਾਹਿਬ, ਗੁ: ਸ੍ਰੀ ਸੰਤੋਖਸਰ ਸਾਹਿਬ ਵਿਖੇ ਵੀ ਲੰਮਾ ਸਮਾਂ ਕਾਰ ਸੇਵਾ ਕਾਰਜਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਜਦੋਂ ਕਿ ਚਾਟੀਵਿੰਡ ਗੇਟ ਵਿਖੇ ਸਥਿਤ ਸੰਤ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਿਆਂ ਦੇ ਵੱਲੋਂ ਉਸਾਰੀਆਂ ਗਈਆਂ ਇਮਾਰਤਾਂ ਤੇ ਵਿਦਿਅਕ ਅਦਾਰਿਆਂ ਦੀ ਉਸਾਰੀ ਤੇ ਉਨ੍ਹਾਂ ਦੀ ਸਾਂਭ-ਸੰਭਾਲ ਦੇ ਵਿੱਚ ਵੀ ਅਹਿਮ ਭੂਮਿਕ ਅਹਿਮ ਕੀਤੀ। ਆਪਣੇ ਇਸ ਸਾਦਗੀ, ਸੰਜੀਦਗੀ ਤੇ ਉਸਾਰੂ ਸੋਚ ਭਰੇ ਜੀਵਨ ਵਿੱਚ ਉਨ੍ਹਾਂ ਦਾ ਮਿਲਾਪ ਦਮਦਮੀ ਟਕਸਾਲ ਦੇ 14 ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਾਲਿਆਂ ਨਾਲ ਹੋਇਆ ਤੇ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਦੀ ਦਾਤ ਗ੍ਰਹਿਣ ਕੀਤੀ। ਬੀਤੀ 27 ਜੁਲਾਈ 2016 ਨੂੰ ਗੁਰਬਾਣੀ ਤੇ ਕਾਰਸੇਵਾ ਕਾਰਜਾਂ ਨੂੰ ਸਮਰਪਿਤ ਰਹਿਣ ਵਾਲੇ ਬਾਬਾ ਤਾਰਾ ਸਿੰਘ ਜੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 6 ਅਗਸਤ 2016  ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੁਪਿਹਰ 12 ਤੋਂ 1 ਵਜੇ ਤੱਕ ਗੁ: ਕਬੀਰ ਪਾਰਕ ਸਾਹਿਬ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਹੋਵੇਗਾ ਜਿੱਥੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਹੋਰ ਸਭਾ ਸੁਸਾਇਟੀਆਂ ਦੇ ਅਹੁਦੇਦਾਰ ਸਵ: ਬਾਬਾ ਤਾਰਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply