
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਵੇ ਵਿਧਾਨ ਸਭਾ ਚੋਣਾਂ ਵਿਚ ਥੋੜਾਂ ਸਮਾਂ ਬਾਕੀ ਹੈ ਪਰ ਕਾਂਗਰਸ ਵਿਚ ਆਪਸੀ ਖਿੱਚੋਤਾਣ ਰੁੱਕਣ ਦਾ ਨਾਮ ਨਹੀ ਲੈ ਰਹੀ।ਬਠਿੰਡਾ ਦਿਹਾਤੀ ਤੋ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਕਾਮਰੇਡ ਮੱਖਣ ਸਿੰਘ ਵੱਲੋ ਆਪਣੇ ਹਲਕੇ ਵਿਚ ਬਾਹਰੀ ਦਖ਼ਲ ਤੋ ਦੁੱਖੀ ਹੋ ਵਿਧਾਨ ਸਭਾ ਚੋਣਾਂ 2017 ਲੜਨ ਤੋਂ ਇਨਕਾਰ ਕਰ ਦਿੱਤਾ। ਸਥਾਨਕ ਕਾਂਗਰਸ ਭਵਨ ਵਿਖੇ ਭਰੇ ਮਨ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਮੱਖਣ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋ ਹੁਣ ਤੱਕ ਇਮਾਨਦਾਰੀ ਨਾਲ ਰਾਜਨੀਤੀ ਵਿਚ ਕੰਮ ਕੀਤਾ ਜਾਦਾ ਰਿਹਾ ਹੈ ਅਤੇ ਆਪਣੇ ਹਲਕੇ ਵਿਚ ਹਰ ਤਰਾਂ ਦੇ ਵਿਕਾਸ ਅਤੇ ਲੋਕਾਂ ਦੀਆ ਦੁੱਖ ਤਕਲੀਫਾਂ ਵਿਚ ਖੜਦੇ ਰਹੇ ਹਨ। ਹਮੇਸ਼ਾਂ ਹੀ ਕਾਂਗਰਸ ਪਾਰਟੀ ਲਈ ਮਿਹਨਤੀ ਵਰਕਰ ਵਾਂਗ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਪਰ ਪਿਛਲੇ ਕੁੱਝ ਦਿਨਾਂ ਤੋ ਉਨ੍ਹਾਂ ਦੇ ਹਲਕੇ ਵਿਚ ਕੁੱਝ ਬਾਹਰੀ ਕਾਂਗਰਸੀਆ ਵੱਲੋ ਦਖ਼ਲ ਦਿੱਤਾ ਜਾ ਰਿਹਾ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਜਿਸ ਕਾਰਨ ਉਨ੍ਹਾਂ ਨੂੰ ਸਖ਼ਤ ਫੈਸਲਾ ਕਰਨਾ ਪਿਆ ਕਿ ਉਹ 2017 ਵਿਚ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ਨਹੀ ਲੜੀਆ ਜਾਣਗੀਆ।ਸਾਬਕਾ ਵਿਧਾਇਕ ਵੱਲੋ ਲਏ ਗਏ ਅਚਾਨਕ ਫੈਸਲੇ ਨੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਦੇ ਹੋਸ਼ ਉਡਾ ਦਿੱਤੇ ਅਤੇ ਪ੍ਰੈਸ ਕਾਨਫੰਰਸ ਦੌਰਾਨ ਉਹਨਾਂ ਵੱਲੋ ਚੁੱਪੀ ਧਾਰੀ ਰੱਖੀ।
ਕਾਮਰੇਡ ਮੱਖਣ ਸਿੰਘ ਨੇ ਦੱਸਿਆ ਕਿ ਉਨਾਂ ਵੱਲੋ ਆਪਣੇ ਇਸ ਫੈਸਲੇ ਸੰਬਧੀ ਕੈਪਟਨ ਅਮਰਿੰਦਰ ਸਿੰਘ ਜਾਣੂ ਕਰਵਾਉਣ ਲਈ ਸਪੰਰਕ ਕੀਤਾ ਜਾ ਰਿਹਾ ਹੈ। ਪ੍ਰੈਸ ਕਾਨਫੰਰਸ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਵੱਲੋ ਫੋਨ ਤੇ ਸਾਬਕਾ ਵਿਧਾਇਕ ਮੱਖਣ ਸਿੰਘ ਨੂੰ ਭਰੋਸਾ ਦਿੱਤਾ ਗਿਆ ਕਿ ਉਨਾਂ ਦੇ ਹਲਕੇ ਵਿਚ ਕਿਸੇ ਨੂੰ ਦਖ਼ਲ ਨਹੀ ਦੇਣ ਦੇਣਗੇ ਅਤੇ ਉਹ ਆਪਣਾ ਹਲਕੇ ਵਿਚ ਬੈਠਕਾਂ ਦਾ ਦੌਰ ਜਾਰੀ ਰੱਖਣ।ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਫੁੱਲ ਚੜਾਉਦਿਆਂ ਕਾਮਰੇਡ ਮੱਖਣ ਸਿੰਘ ਆਪਣਾ ਫੈਸਲਾ ਬਦਲਦਿਆ ਫਿਰ ਤੋ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ।ਕਾਮਰੇਡ ਮੱਖਣ ਸਿੰਘ ਵੱਲੋ ਫੈਸਲਾ ਬਦਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਨੇ ਕਿਹਾ ਕਿ 8 ਅਗਸਤ ਨੂੰ ਜੱਸੀ ਬਾਗ ਵਾਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋ ਆਮ ਲੋਕਾਂ ਨਾਲ ਬੈਠਕ ਕੀਤੀ ਜਾਵੇਗੀ ਅਤੇ ਉਨ੍ਹਾਂ ਆ ਰਹੀਆ ਸਮਸਿਆਵਾਂ ਸੰਬਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸ਼ਾਮ ਕੈਪਟਨ ਅਮਰਿੰਦਰ ਸਿੰਘ ਵੱਲੋ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਕਿੰਗ ਰਿਜੋਰਟ ਵਿਖੇ ਬੈਠਕ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਆਉਦੀਆ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਵੱਲੋ ਘਰ ਘਰ ਪਹੁੰਚ ਕੀਤੀ ਜਾ ਰਹੀ ਹੈ ਤੇ ਲੋਕਾਂ ਦੀਆ ਸਮੱਸਿਆਵਾਂ ਸੁਣੀਆ ਜਾ ਰਹੀ ਹਨ ਤਾਂ ਜੋ ਸਰਕਾਰ ਆਉਣ ਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ । ਇਸ ਸਮੇ ਉਨ੍ਹਾਂ ਨਾਲ ਸਰਪੰਚ ਮਨਜੀਤ ਸਿੰਘ , ਬਲਾਕ ਪ੍ਰਧਾਨ ਸ਼ਰਨੀ,ਗੁਰਇਕਬਾਲ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media