Saturday, March 21, 2026

ਇਮਾਨਦਾਰ ਅਤੇ ਅਣਖੀ ਬੰਦੇ ਬਹੁਤੀ ਦੇਰ ‘ਆਪ’ ਵਿਚ ਨਹੀਂ ਟਿਕਣਗੇ-ਮਜੀਠੀਆ

ਮੈਰਿਜ ਪੈਲਸ ਮਾਲਕਾਂ ਨੂੰ ਦਿੱਤੀ ਜਾਵੇਗੀ ਵੱਡੀ ਰਾਹਤ

PPN0708201613

ਮਜੀਠਾ, 7 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਪੰਜਾਬ ਵਿਰੋਧੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਇਹ ਲੋਕ ਥਾਂ-ਥਾਂ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਈ ਹੋਣ ਦੀਆਂ ਅਧਾਰਹੀਣ ਗੱਲਾਂ ਕਰਕੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰ ਰਹੇ ਸਨ, ਦਾ ਮੂੰਹ ਅੱਜ ਪੁਲਿਸ ਭਰਤੀ ਦੌਰਾਨ ਨੌਜਵਾਨਾਂ ਦੇ ਹੋਏ ਡੋਪ ਟੈਸਟ ਤੋਂ ਬੰਦ ਹੋ ਜਾਣਾ ਚਾਹੀਦਾ ਹੈ। ਮਜੀਠਾ ਹਲਕੇ ਵਿਚ ਸ਼ਗਨ ਸਕੀਮ ਦੇ ਚੈਕ, ਜਿੰਮ ਅਤੇ ਟਰਾਈਸਾਈਕਲ ਵੰਡਣ ਲਈ ਕਰਵਾਏ ਵਿਸ਼ੇਸ਼ ਸਮਾਗਮ ਮੌਕੇ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੰਦੇ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ, ਆਪ ਦੇ ਕਨਵੀਨਰ ਕੇਜਰੀਵਾਲ ਹੋਰ ਨਟਵਰ ਲਾਲ, ਜੋ ਸਮੁੱਚੇ ਪੰਜਾਬ ਨੂੰ ਨਸ਼ੇ ਦੇ ਨਾਂਅ ‘ਤੇ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ, ਪਰ ਚੱਲ ਰਹੀ ਪੁਲਿਸ ਭਰਤੀ ਦੌਰਾਨ ਕਰੀਬ ਸਵਾ ਲੱਖ ਨੌਜਵਾਨਾਂ ਦੇ ਹੋਏ ਡੋਪ ਟੈਸਟ ਦੇ ਸੱਚ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਉਨਾਂ ਕਿਹਾ ਕਿ ਹੁਣ ਤੱਕ ਦੇ ਆਏ ਨਤੀਜੇ ਵਿਚੋਂ 98.64 ਫੀਸਦੀ ਨੌਜਵਾਨ ਡੋਪ ਟੈਸਟ ਵਿਚੋਂ ਪਾਸ ਹੋਏ ਹਨ। ਸ. ਮਜੀਠੀਆ ਨੇ ਕਿਹਾ ਕਿ ਇੰਨਾਂ ਲੋਕਾਂ ਵੱਲੋਂ ਕੀਤੇ ਭੰਡੀ ਪ੍ਰਚਾਰ ਸਦਕਾ ਪੰਜਾਬੀਆਂ ਨੂੰ ਬਾਹਰਲੇ ਰਾਜਾਂ ਅਤੇ ਵਿਦੇਸ਼ਾਂ ਵਿਚ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਸੀ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਇਹ ਸੱਚ ਸਾਹਮਣੇ ਲਿਆਉਣ ਦੀ ਇੱਛਾ ਨਾਲ ਹੀ ਪੁਲਿਸ ਭਰਤੀ ਦੌਰਾਨ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਸੀ, ਜਿਸਨੇ ਵਾਕਿਆ ਸਹੀ ਅੰਕੜੇ ਦੁਨੀਆਂ ਦੇ ਸਾਹਮਣੇ ਲਿਆ ਦਿੱਤੇ ਹਨ। ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਝੂਠੇ ਚੋਣ ਮੈਨੀਫੋਸਟੋ ਨਾਲ ਕਰਨੀ, ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਝਾੜੂ ਜੋੜਨਾ ਅਤੇ ਹੁਣ ਆਪ ਦੇ ਆਗੂ ਦੁਰਗੇਸ਼ ਪਾਠਕ ਵੱਲੋਂ ਸਿੱਖਾਂ ਦੇ ਸਾਬਤ-ਸੂਰਤ ਸਰੂਪ ‘ਤੇ ਕਿੰਤੂ ਕਰਨਾ ਆਪ ਦੀ ਸਿੱਖ ਵਿਰੋਧੀ ਸੋਚ ਦਾ ਜਿਉਂਦਾ-ਜਾਗਦਾ ਸਬੂਤ ਹਨ।
ਆਮ ਆਦਮੀ ਪਾਰਟੀ ਵਿਚ ਟਿਕਟਾਂ ਦੇ ਵੰਡ ਨੂੰ ਪਏ ਰੌਲੇ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਕਿਹਾ ਕਿ ਜਿਵੇਂ ਇਸ ਪਾਰਟੀ ਦੇ ਸੰਸਥਾਪਕ ਮੈਂਬਰ ਸ੍ਰੀ ਪ੍ਰਸ਼ਾਂਤ ਭੂਸ਼ਣ ਅਤੇ ਜੋਗਿੰਦਰ ਯਾਦਵ ਵਰਗੇ ਇਮਾਨਦਾਰ ਵਿਅਕਤੀ ਤਾਂ ਬੜੇ ਚਿਰ ਤੋਂ ਰੌਲਾ ਪਾਉਂਦੇ ਪਾਰਟੀ ਛੱਡ ਗਏ ਹਨ, ਉਸੇ ਤਰਾਂ ਇਮਾਨਦਾਰ ਅਤੇ ਅਣਖੀ ਲੋਕ ਵੀ ਬਹੁਤੀ ਦੇਰ ਆਪ ਵਿਚ ਨਹੀਂ ਟਿਕ ਸਕਣਗੇ, ਕਿਉਂਕਿ ਇੱਥੇ ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਦਾ ਆਲਮ ਹੈ। ਉਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ 25 ਸਾਲ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੇ ਲਾਰੇ ਲਗਾ ਰਿਹਾ ਹੈ, ਪਰ ਦਿੱਲੀ ਵਿਚ ਕਰੀਬ ਡੇਢ ਸਾਲ ਦੇ ਅਰਸੇ ਦੌਰਾਨ ਇਕ ਵੀ ਨੌਕਰੀ ਨਹੀਂ ਦਿੱਤੀ, ਜਦਕਿ ਪੰਜਾਬ ਵਿਚ ਸਵਾ ਲੱਖ ਨੌਕਰੀਆਂ ਦੀ ਭਰਤੀ ਲਈ ਕੰਮ ਚੱਲ ਰਿਹਾ ਹੈ।
ਸਰਕਾਰ ਵੱਲੋਂ ਮੈਰਿਜ ਪੈਲਸਾਂ ਨੂੰ ਸੀਲ ਕਰਨ ਬਾਰੇ ਚੱਲ ਰਹੀ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਹਾਈਕੋਰਟ ਦੇ ਹੁਕਮਾਂ ‘ਤੇ ਹੋ ਰਹੀ ਹੈ, ਪਰ ਪੰਜਾਬ ਸਰਕਾਰ ਛੇਤੀ ਹੀ ਕੈਬਨਿਟ ਦੀ ਮੀਟਿੰਗ ਵਿਚ ਇਸ ਮੁੱਦੇ ਨੂੰ ਵਿਚਾਰ ਕੇ ਮੈਰਿਜ ਪੈਲਿਸ ਮਾਲਕਾਂ ਨੂੰ ਵੱਡੀ ਰਾਹਤ ਦੇਵੇਗੀ, ਤਾਂ ਕਿ ਮਾਲਕਾਂ ਦੇ ਨਾਲ-ਨਾਲ ਉਥੇ ਵਿਆਹ ਬੁੱਕ ਕਰ ਚੁੱਕੇ ਧੀਆਂ-ਪੁੱਤਰਾਂ ਦੇ ਮਾਪਿਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ. ਮਜੀਠੀਆ ਨੇ ਅੱਜ ਹਲਕਾ ਮਜੀਠਾ ਵਿਚ ਲੜਕੀਆਂ ਦੇ ਵਿਆਹਾਂ ਮੌਕੇ ਦਿੱਤੇ ਜਾਂਦੇ ਸ਼ਗਨ ਦੇ 450 ਚੈਕ, ਨੌਜਵਾਨਾਂ ਨੂੰ 17 ਜ਼ਿੰਮ ਪੰਜਾਬ ਸਰਕਾਰ ਦੀ ਤਰਫੋਂ ਦਿੱਤੇ। ਇਸ ਤੋਂ ਇਲਾਵਾ ਉਨਾਂ ਨੇ ਆਪਣੀ ਜੇਬ ਵਿਚੋਂ ਹਲਕੇ ਦੇ 25 ਅਪਹਾਜ਼ਾਂ ਨੂੰ ਟਰਾਈ ਸਾਈਕਲ ਅਤੇ ਨਗਦ ਰਾਸ਼ੀ ਵੰਡੀ। ਉਨਾਂ ਐਲਾਨ ਕੀਤਾ ਕਿ ਛੇਤੀ ਹੀ ਹਲਕੇ ਦੇ ਉਹ ਪਿੰਡ, ਜਿੰਨਾਂ ਨੇ ਪਹਿਲਾਂ ਦਿੱਤੀਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕੀਤੀ ਹੈ, ਨੂੰ ਹੋਰ ਗਰਾਂਟ ਦੇ ਚੈਕ ਵੰਡੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਚੇਅਰਮੈਨ ਰਣਜੀਤ ਸਿੰਘ ਵਰਿਆਮ ਨੰਗਲ, ਚੇਅਰਮੈਨ ਬਲਬੀਰ ਸਿੰਘ ਚੰਦੀ, ਜੋਧ ਸਿੰਘ ਸਮਰਾ, ਐਮ. ਡੀ. ਸੁਖਵਿੰਦਰ ਸਿੰਘ ਗਿਲ, ਤਰਸੇਮ ਸਿੰਘ ਸਿਆਲਕਾ, ਅਮਨਦੀਪ ਗਿਲ, ਦੁਰਗਾ ਦਾਸ, ਮੈਨੇਜਰ ਸੁਲੱਖਣ ਸਿੰਘ, ਸਰਬਜੀਤ ਸਿੰਘ ਸੁਪਾਰੀਵਿੰਡ, ਤਰੁਨ ਕੁਮਾਰ ਅਬਰੋਲ ਕੌਂਸਲ ਪ੍ਰਧਾਨ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਸਰਪੰਚ ਨਿਰਮਲ ਸਿੰਘ, ਸਰਪੰਚ ਬਲਰਾਜ ਸਿੰਘ, ਸਰਪੰਚ ਮਲਕੀਤ ਸਿੰਘ ਸ਼ਾਮਨਗਰ, ਪ੍ਰਭਦਿਆਲ ਸਿੰਘ ਨੰਗਲ ਪੰਨੂੰਆਂ, ਸਰਬਜੀਤ ਸਿੰਘ ਚੰਦੀ, ਬੱਬੀ ਭੰਗਵਾਂ, ਹਰਵਿੰਦਰ ਸਿੰਘ ਭੁੱਲਰ ਅਤੇ ਹੋਰ ਹਸਤੀਆਂ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply