
ਨਵੀਂ ਦਿੱਲੀ, 10 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਵਿੰਗ ”ਸਟੂਡੈਂਟਸ ਆਰਗਾਨਾਈਜੇਸ਼ਨ ਆਫ਼ ਇੰਡੀਆ” ਦੀ ਦਿੱਲੀ ਇਕਾਈ ਦਾ ਅੱਜ ਵਿਸਤਾਰ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਪਾਰਟੀ ਦਫ਼ਤਰ ਵਿਖੇ ਹੋਏ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਏ.ਬੀ.ਵੀ.ਪੀ ਛੱਡ ਕੇ ਸਾਥੀਆਂ ਸਣੇ ‘ਸੋਈ’ ਵਿਚ ਸ਼ਾਮਿਲ ਹੋਏ ਰਵਤੇਜ਼ ਸਿੰਘ ਅਰੋੜਾ ਨੂੰ ਸਿਰੋਪਾ ਪਾ ਕੇ ਜਿਥੇ ਜੀ ਆਇਆ ਕਿਹਾ ਉਥੇ ਹੀ ਗੁਰੂ ਗੋਬਿੰਦ ਸਿੰਘ ਕਾੱਲਜ ਆੱਫ਼ ਕਾਮਰਸ ਤੇ ਗੁਰੂ ਨਾਨਕ ਦੇਵ ਖਾਲਸ ਕਾਲਜ ਦੇ ਨਵੇਂ ਬਣੇ ‘ਸੋਈ’ ਦੇ ਲਗਭਗ 50 ਅਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਵੀ ਸੌਂਪੇ।
ਜੀ.ਕੇ ਨੇ ਇਸ ਮੌਕੇ ‘ਸੋਈ’ ਦੇ ਕਾਰਕੂਨਾ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਜੀ.ਕੇ ਨੇ ਕਿਹਾ ਕਿ ਪੰਜਾਬ ਦੇ ਸਹਿਯੋਗ ਬਿਨਾਂ ਦੇਸ਼ ਆਜ਼ਾਦ ਨਹੀਂ ਹੋ ਸਕਦਾ ਸੀ। ਇਸ ਲਈ ਪੰਜਾਬੀਆਂ ਦੀ ਕੁਰਬਾਨੀਆਂ ਨੂੰ ਯਾਦ ਰੱਖਣਾ ਤੇ ਉਨ੍ਹਾਂ ਤੇ ਮਾਣ ਕਰਨਾ ਸਾਡਾ ਮੁੱਢਲਾ ਫ਼ਰਜ ਬਣਦਾ ਹੈ। ਗੁਰੂ ਤੇਗ ਬਹਾਦਰ ਖਾਲਸਾ ਕਾੱਲਜ ਦਾ ਸਾਬਕਾ ਵਿਦਿਆਰਥੀ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 1977 ਵਿਚ ਸਟੂਡੈਂਟਸ ਯੁਨੀਅਨ ਦੇ ਆਗੂ ਦੀ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਏ ਸਿਆਸੀ ਸਫ਼ਰ ਦੇ ਦੌਰਾਨ ਸ਼zzੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦਾ ਮੁਖ ਸੇਵਾਦਾਰ ਬਣਨ ਨੂੰ ਯਾਦਗਾਰੀ ਦੱਸਿਆ।
ਸਿਰਸਾ ਨੇ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਅਤੇ ਪਾਰਟੀ ਤੇ ਮਾਣ ਕਰਨ ਦੀ ਸਲਾਹ ਦਿੰਦੇ ਹੋਏ ਦਿੱਲੀ ਕਮੇਟੀ ਨੂੰ ਚਾਰੋ ਖਾਲਸਾ ਕਾਲਜਾਂ ਵਿਚ ਸਿੱਖ ਬੱਚਿਆਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ਵਿਚ ਮਿਲੀ ਕਾਮਯਾਬੀ ਨੂੰ ਕੌਮ ਦੀ ਵੱਡੀ ਜਿੱਤ ਦੱਸਿਆ।ਸਿਰਸਾ ਨੇ ਸਾਫ਼ ਕਿਹਾ ਕਿ ਬੇਸ਼ਕ ਦੇਸ਼ ਵਿਚ ਸਾਡੀ ਆਬਾਦੀ 2 ਫ਼ੀਸਦੀ ਹੈ ਪਰ ਫਿਰ ਵੀ ਪੂਰੇ ਸੰਸਾਰ ਵਿਚ ਅਸੀਂ ਅਹਿਮੀਅਤ ਰੱਖਦੇ ਹਾਂ। ਇਸ ਸੰਬੰਧ ਵਿਚ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਸਿੱਖਾਂ ਦੇ ਮੈਂਬਰ ਪਾਰਲੀਮੈਂਟ ਬਣਨ ਦਾ ਉਨ੍ਹਾਂ ਹਵਾਲਾ ਦਿੱਤਾ।
ਸਾਬਕਾ ਵਿਧਾਇਕ ਅਤੇ ”ਸੋਈ” ਦੇ ਇੰਚਾਰਜ ਹਰਮੀਤ ਸਿੰਘ ਕਾਲਕਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਮਿਲੇ ਨਿਯੁੱਕਤੀ ਪੱਤਰ ਨੂੰ ਵੱਡੀ ਜਿੰਮੇਵਾਰੀ ਦੇ ਤੌਰ ਤੇ ਪ੍ਰਭਾਸ਼ਿਤ ਕੀਤਾ। ਕਾਲਕਾ ਨੇ ਕਿਹਾ ਕਿ ਅਹੁਦੇਦਾਰੀ ਮਿਲਣ ਦਾ ਮਤਲਬ ਨੌਜਵਾਨਾਂ ਨੂੰ ਗਲਤ ਕੰਮ ਕਰਨ ਦਾ ਲਾਈਸੈਂਸ ਮਿਲਣਾ ਨਾ ਸਮਝਿਆ ਜਾਵੇ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਖਾਲਸਾ ਕਾੱਲਜਾਂ ਵਿਚ ਇਸ ਵਰ੍ਹੇ ਸਿੱਖ ਬੱਚਿਆਂ ਦੇ ਹੋਏ ਵਾਧੂ ਦਾਖਿਲੇ ਸਦਕਾ ਪਹਿਲੀ ਵਾਰ ਕਾੱਲਜਾਂ ਵਿਚ ਦਸਤਾਰਾਂ ਵਾਲੇ ਵੱਡੀ ਗਿਣਤੀ ਵਿੱਚ ਦਿਖਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਅਕਾਲੀ ਆਗੂ ਜਸਵੰਤ ਸਿੰਘ ਬਿਟੂ, ਗੁਰਮੀਤ ਸਿੰਘ ਫੈਡਰੇਸ਼ਨ, ਸਤਬੀਰ ਸਿੰਘ ਗਗਨ ਅਤੇ ”ਸੋਈ” ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਛਿਆਸੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media