Sunday, August 9, 2026

ਜ਼ਿਲ੍ਹੇ ਵਿੱਚ 143 ਸੇਵਾ ਕੇਂਦਰ 12 ਅਗਸਤ ਤੋਂ ਹੋਣਗੇ ਸ਼ੁਰੂ- ਡੀ.ਸੀ

PPN1008201616

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ਜਨਹਿੱਤ ਲਈ ਇਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਸੇਵਾ ਕੇਂਦਰ ਲੋਕਾਂ ਲਈ ਵਰਦਾਨ ਸਾਬਿਤ ਹੋਣਗੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਅਤੇ ਸਰਕਾਰੀ ਕਾਰਜਪ੍ਰਣਾਲੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ 12 ਅਗਸਤ ਨੂੰ ਜ਼ਿਲ੍ਹੇ ਵਿਚ 143 ਵੱਖ-ਵੱਖ ਸੇਵਾ ਕੇਂਦਰ ਲੋਕ ਅਰਪਣ ਕਰ ਦਿੱਤੇ ਜਾਣਗੇ, ਜਿਨ੍ਹਾਂ ਵਿਚ 113 ਦਿਹਾਤੀ ਅਤੇ 30 ਸ਼ਹਿਰੀ ਖੇਤਰਾਂ ਨਾਲ ਸਬੰਧਤ ਸੇਵਾ ਕੇਂਦਰ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਪੰਜਾਬ ਸ. ਅਜੀਤ ਸਿੰਘ ਕੋਹਾੜ ਚਮਰੰਗ ਰੋਡ ਅਤੇ ਰਣਜੀਤ ਐਵੀਨਿਊ ਵਿਖੇ ਬਣੇ ਸੇਵਾ ਕੇਂਦਰਾਂ ਦਾ ਰਸਮੀ ਉਦਘਾਟਨ ਕਰਕੇ ਇਨ੍ਹਾਂ ਕੇਂਦਰਾਂ ਦੀ ਸ਼ੁਰੂਆਤ ਕਰਨਗੇ ਜਦਕਿ ਬਾਕੀ ਥਾਵਾਂ ‘ਤੇ ਮੁੱਖ ਸੰਸਦੀ ਸਕੱਤਰ, ਹਲਕਾ ਵਿਧਾਇਕ, ਐਸ. ਡੀ. ਐਮ ਸਾਹਿਬਾਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਕੇਂਦਰਾਂ ਦੇ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ‘ਤੇ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ 62 ਸਰਕਾਰੀ ਸੇਵਾਵਾਂ ਪਾਰਦਰਸ਼ੀ ਅਤੇ ਸਮਾਂਬੱਧ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਅੱਜ ਸ੍ਰੀ ਵਰੁਣ ਰੂਜਮ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਦੀ ਸਫਲਤਾ ਲਈ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਸ੍ਰੀ ਰਾਜੇਸ਼ ਸ਼ਰਮਾ, ਮੈਡਮ ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply