
ਬਠਿੰਡਾ, 14 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 355ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਕ ਚੇਤਨਾ ਮਾਰਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 3 ਸਤੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤਖ਼ਤ ਸ਼੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗਾ ਜੋ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਨਗਰਾਂ ਵਿੱਚੋਂ ਦੀ ਹੁੰਦਾ ਹੋਇਆ 4 ਸਤੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਪਹੁੰਚੇਗਾ ਤੇ 5 ਸਤੰਬਰ ਨੂੰ ਭਾਰੀ ਦੀਵਾਨ ਸਜਣਗੇ। ਇਹ ਜਾਣਕਾਰੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅੱਕ ਤੇ ਭਲਾਈ ਟਰੱਸਟ ਚੰਡੀਗੜ੍ਹ ਦੇ ਚੇਅਰਮੈਨ ਸz. ਜਸਵੰਤ ਸਿੰਘ ਨੇ ਦਿੱਤੀ। ਉਨ੍ਹਾਂ ਟਰੱਸਟ ਦੇ ਮੈਂਬਰਾਂ ਦੀ ਇੱਕ ਮੀਟੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ1 ਸਤੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 3 ਸਤੰਬਰ ਨੂੰ ਭੋਗ ਪੈਣਗੇ। ਉਪਰੰਤ ਗਾਜਿਆਂ ਵਾਜਿਆਂ, ਨਗਾਰਿਆਂ ਦੀ ਗੂੰਜ ਵਿੱਚ ਚੇਤਨਾ ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਰਵਾਨਾ ਕਰਨਗੇ। ਇਸ ਦੌਰਾਨ ਹਵਾਈ ਜਹਾਜ ਦੁਆਰਾ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਇਹ ਚੇਤਨਾ ਮਾਰਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀੜ ਬਾਬਾ ਬੁੱਢਾ ਸਾਹਿਬ, ਤਰਨਤਾਰਨ, ਫਿਰੋਜ਼ਪੁਰ, ਮੋਗਾ ਤੋਂ ਹੁੰਦਾ ਹੋਇਆ ਤਖਤੂਪੁਰਾ ਸਾਹਿਬ ਵਿਖੇ ਪਹੁੰਚੇਗਾ ਤੇ ਇੱਥੇ ਹੀ ਰਾਤਰੀ ਵਿਸ਼ਰਾਮ ਕਰੇਗਾ। 4 ਸਤੰਬਰ ਨੂੰ ਤਖਤੂਪੁਰਾ ਤੋਂ ਰਵਾਨਾ ਹੋ ਕੇ ਨਿਹਾਲ ਸਿੰਘ ਵਾਲਾ, ਭਗਤਾ, ਬਾਜਾਖਾਨਾ, ਸ਼੍ਰੀ ਮੁਕਤਸਰ ਸਾਹਿਬ, ਬਾਦਲ ਲੰਬੀ, ਬਠਿੰਡਾ, ਕੋਟਸ਼ਮੀਰ ਤੇ ਤਲਵੰਡੀ ਸਾਬੋ ਪਹੁੰਚੇਗਾ। ਉਪਰੰਤ ਰਾਤ ਸਮੇਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਤਹਿਤ ‘ਗੁਰੂ ਕੇ ਬੇਟੇ’ ਨਾਟਕ ਖੇਡਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਮੇਸ਼ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਚੇਤਨਾ ਮਾਰਚ ਦਾ ਬਠਿੰਡਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਤੇ ਥਾਂ-ਥਾਂ ਸਵਾਗਤੀ ਗੇਟ, ਲੰਗਰ, ਆਦਿ ਵੀ ਸੰਗਤਾਂ ਵੱਲੋਂ ਲਗਾਏ ਜਾਣਗੇ। ਇਸ ਮੀਟਿੰਗ ਦੌਰਾਨ ਟਰੱਸਟ ਦੇ ਵਾਈਸ ਚੇਅਰਮੈਨ ਸੁਖਚੈਨ ਸਿੰਘ, ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਪ੍ਰਧਾਨ ਕਸ਼ਮੀਰ ਸਿੰਘ ਕੋਟਸ਼ਮੀਰ, ਮਾਸਟਰ ਚੰਦ ਸਿੰਘ ਗਹਿਰੀ ਬੁੱਟਰ ਬਲਾਕ ਪ੍ਰਧਾਨ ਸੰਗਤ, ਮਾਸਟਰ ਹਰਬੰਸ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ, ਜਗਤਾਰ ਸਿੰਘ ਸਾਬਕਾ ਸਰਪੰਚ ਨੱਤ ਬਗੇਰ, ਸੁਖਦੇਵ ਸਿੰਘ, ਗੁਰਜੰਟ ਸਿੰਘ, ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਭਾਗੀਵਾਂਦਰ, ਮਾਸਟਰ ਜਸਵੀਰ ਸਿੰਘ ਭੁੱਚੋ, ਮਾਸਟਰ ਬਲਦੇਵ ਸਿੰਘ ਤੰਗਰਾਲੀ ਆਦਿ ਵੀ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media