Monday, August 10, 2026

ਗਲਤ ਰਾਜਨੀਤਿਕ ਫੈਸਲਾ ਸੀ ਦੇਸ਼ ਦੀ ਵੰਡ- ਗਿ: ਕੇਵਲ ਸਿੰਘ

PPN1408201614

ਅਮ੍ਰਿੰਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਸੰਸਾਰ ਨੂੰ ਸ਼ਾਂਤੀ ਦੀ ਲੋੜ ਹੈ, ਨਾ ਕਿ ਪ੍ਰਮਾਣੂ ਬੰਬਾਂ ਦੀ। ਲੋਕਾਂ ਨੂੰ ਢਿੱਡ ਭਰਨ ਲਈ ਅਨਾਜ ਤੇ ਰੁਜ਼ਗਾਰ ਚਾਹੀਦਾ ਹੈ, ਹਥਿਆਰਾਂ ਨਹੀ। ਸਰਕਾਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਨ੍ਹਾਂ ਦੀਆਂ ਮੰਗਾਂ, ਲੋੜਾਂ ਪ੍ਰਤੀ ਗੰਭੀਰ ਹੋ ਕੇ ਹੱਲ ਕਰਨਾ ਚਾਹੀਦਾ ਹੈ, ਨਾ ਕਿ ਬੰਦੂਕ ਦੇ ਜ਼ੋਰ ਉਨ੍ਹਾਂ ‘ਤੇ ਜੁਲਮ ਢਾਹ ਕੇ ਅਵਾਜ਼ ਨੂੰ ਦਬਾਇਆ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਇਥੇ ਸੰਤਾ ਸਿੰਘ, ਸੁੱਖਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 15 ਅਗਸਤ 1947 ਨੂੰ ਹਿੰਦੁਸਤਾਨ ਦੀ ਬੇਲੋੜੀ ਅਤੇ ਸਾਜਿਸ਼ੀ ਵੰਡ ਸਬੰਧੀ ਵਿਚਾਰ ਚਰਚਾ ਕਰਨ ਲਈ ” ਭਾਰਤ ਪਾਕਿ ਦੋਸਤੀ ਜ਼ਰੂਰੀ ਕਿਉਂ ? ਵਿਸ਼ੇ ‘ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਵੰਡ ਇੱਕ ਗਲਤ ਰਾਜਨੀਤਿਕ ਫੈਸਲਾ ਸੀ। ਜਿਸ ਨੇ ਇਨਸਾਨੀਅਤ ਦੀ ਦਿਲ ਕੰਬਾਊ ਬਰਬਾਦੀ ਕੀਤੀ। ਇਸ ਬਰਬਾਦੀ ਤੋਂ ਸਬਕ ਸਿੱਖਕੇ ਭਾਰਤ ਪਾਕਿਸਤਾਨ ਨੂੰ ਆਪਸੀ ਚੰਗੇ ਸਬੰਧ ਬਣਾਉਣ ਦੀ ਵੱਡੀ ਲੋੜ ਹੈ।ਦੋਵਾਂ ਦੇਸ਼ਾਂ ਦਾ ਵਿਕਾਸ ਤਾਂ ਹੀ ਸੰਭਵ ਹੋਵੇਗਾ ਜੇਕਰ ਆਪਸੀ ਦੋਵਾਂ ਦੀ ਮਿੱਤਰਤਾ ਰਹੇਗੀ।
ਆਈ.ਡੀ.ਪੀ ਦੇ ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਇਤਿਹਾਸਕ ਗਲਤੀਆਂ ਤੋਂ ਸਬਕ ਨਾ ਸਿੱਖਣ ਦਾ ਸੰਤਾਪ ਲੋਕ ਅੱਜ ਵੀ ਭੁਗਤ ਰਹੇ ਹਨ। ਭਾਰਤ ਪਾਕਿ ਵਿੱਚ ਸਬੰਧੀ ਵਿੱਚ ਆ ਰਹੀ ਕੁੜਤਣ ਕਾਰਨ ਦੋਵਾਂ ਦੇਸ਼ਾਂ ਦਾ ਅੰਦਰੂਨੀ ਵਿਕਾਸ ਤਬਾਹੀ ਵੱਲ ਨੂੰ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਆਰਥਿਕ-ਸਮਾਜਿਕ ਅਤੇ ਜਾਤੀਗਤ ਜਨਗਣਨਾ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ 75 ਫੀਸਦ ਪੇਂਡੂ ਪਰਿਵਾਰਾਂ ਦੀ ਆਮਦਨ ਪੰਜ ਹਜ਼ਾਰ ਰੁਪਏ ਮਹੀਨੇ ਤੋਂ ਵੀ ਘੱਟ ਹੈ। ਪੰਜ ਮੈਂਬਰਾਂ ਦੇ ਪਰਿਵਾਰ ਦੇ ਹਿੱਸੇ ਹਥਿਆਰਾਂ ਦਾ ਖਰਚ 6533 ਰੁਪਏ ਮਹੀਨਾ ਆਉਾਂਦਾ । ਪੰਜਾਬ ਦੇ ਕੁੱਲ 50 ਲੱਖ ਪਰਿਵਾਰਾਂ ਵਿੱਚੋਂ 32 ਲੱਖ ਪਰਿਵਾਰ ਪਿੰਡਾਂ ਵਿੱਚ ਰਹਿੰਦੇ ਹਨ। ਇਨ੍ਹਾਂ 32 ਲੱਖ ਵਿੱਚੋਂ ਕੇਵਲ ਤਿੰਨ ਫੀਸਦ ਪਰਿਵਾਰਾਂ ਵਿੱਚ ਹੀ ਕੋਈ ਬੀਏ ਤੱਕ ਦੀ ਪੜ੍ਹਾਈ ਵਾਲਾ ਬੰਦਾ ਹੈ। 58 ਫੀਸਦ ਪਰਿਵਾਰਾਂ ਵਿੱਚ ਪੰਜਵੀਂ ਤੋਂ ਵੱਧ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਦੇਸ਼ ਵਿੱਚ ਵਿਕਾਸ ਨੂੰ ਮਾਪਣ ਦਾ ਪੈਮਾਨਾ ਬਣਾਈ ਗਈ ਕੁੱਲ ਘਰੇਲੂ ਪੈਦਾਵਾਰ ਵਿੱਚ ਖੇਤੀ ਦਾ ਹਿੱਸਾ ਘਟ ਕੇ 14 ਫੀਸਦ ਰਹਿ ਗਿਆ ਹੈ ਜਦਕਿ ਇਸ ਉੱਤੇ ਅੱਜ ਵੀ ਪੰਜਾਹ ਫੀਸਦ ਤੋਂ ਵੱਧ ਲੋਕ ਨਿਰਭਰ ਹਨ। ਧਰਤੀ ਹੇਠਲਾ ਪਾਣੀ ਡੂੰਘਾ ਹੁੰਦੇ ਜਾਣ ਨਾਲ ਕਿਸਾਨ ਦਾ ਖਰਚ ਵਧ ਗਿਆ ਹੈ। ਕੇਂਦਰ ਸਰਕਾਰ ਫਸਲਾਂ ਦੀ ਖਰੀਦ ਤੋਂ ਪਿੱਛੇ ਹਟਦੀ ਜਾ ਰਹੀ ਹੈ। ਬੇਮੌਸਮੀ ਬਰਸਾਤ ਜਾਂ ਸੋਕੇ ਦੀ ਭਰਪਾਈ ਦੀ ਕੋਈ ਯੋਜਨਾ ਨਹੀਂ।ਇਸ ਨੇ ਕਿਸਾਨ-ਮਜ਼ਦੂਰ ਦਾ ਜੀਵਨ ਹੋਰ ਦੁੱਭਰ ਕਰ ਦਿੱਤਾ ਹੈ ਅਤੇ ਖੁਦਕੁਸ਼ੀਆਂ ਦੇ ਰੁਝਾਨ ਵਿੱਚ ਵਾਧਾ ਹੋਇਆ ਹੈ।ਪ੍ਰੰਤੂ ਦੂਸਰੇ ਪਾਸੇ ਭਾਰਤ ਆਪਣੇ ਆਪ ਨੂੰ ਵੱਡੀ ਫੌਜੀ ਤਾਕਤ ਦੀ ਜਰੀਏ ਮਹਾਂ ਸਕਤੀ ਵਜੋਂ ਉਭਾਰ ਰਿਹਾ ਹੈ।
ਦਰਸਨ ਸਿੰਘ ਧਨੇਠਾ ਨੇ ਕਿਹਾ ਕਿ 6 ਅਤੇ 9 ਅਗਸਤ 1945 ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਪ੍ਰਮਾਣੂ ਬੰਬਾਂ ਨੇ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਦੀ ਧੌਂਸ ਅਤੇ ਦਾਬੇ ਦੀ ਸਿਆਸਤ ਵਾਲਾ ਕਰੂਪ ਚਿਹਰਾ ਦੁਨੀਆਂ ਦੇ ਸਾਹਮਣੇ ਲੈ ਆਂਦਾ ਸੀ।ਦੋ ਲੱਖ ਲੋਕ ਮੌਕੇ ‘ਤੇ ਮਾਰੇ ਗਏ ਅਤੇ ਦਹਾਕਿਆਂ ਤੱਕ ਮਨੁੱਖੀ ਜੀਵਨ ਉਤੇ ਇਸ ਦੇ ਮਾਰੂ ਨਿਸ਼ਾਨ ਦੇਖੇ ਜਾ ਸਕਦੇ ਹਨ। ਇਸ ਤੋਂ ਦੋ ਸਾਲਾਂ ਬਾਅਦ ਭਾਰਤ ਨੂੰ ਸਹੀ ਰੂਪ ਵਿੱਚ ਵਿਕੇਂਦਰਿਤ ਅਤੇ ਸਾਰੀਆਂ ਘੱਟ ਗਿਣਤੀਆਂ ਨੂੰ ਭਰੋਸਾ ਨਾ ਦਵਾ ਸਕਣ ਦਾ ਨਤੀਜ਼ਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਵਿੱਚ ਨਿਕਲਿਆ। ਇਸ ਵੰਡ ਨੇ ਦਸ ਲੱਖ ਮਾਸੂਮਾਂ ਦੀ ਬਲੀ ਲੈ ਲਈ, ਚਾਲੀ ਲੱਖ ਜਖ਼ਮੀ ਹੋ ਗਏ ਅਤੇ ਢਾਈ ਕਰੋੜ ਲੋਕਾਂ ਨੂੰ ਰਿਫੂਜ਼ੀ ਬਣ ਕੇ ਦਰ ਬਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਵਿੱਚ ਦਸ ਲੱਖ ਪੰਜਾਬੀ ਸਨ। ਇਤਿਹਾਸ, ਸੱਭਿਆਚਾਰ, ਬੋਲੀ ਅਤੇ ਰਸਮ ਰਿਵਾਜ਼ ਇੱਕ ਹੋਣ ਦੇ ਬਾਵਜ਼ੂਦ ਸਿਆਸੀ ਕੁੜੱਤਣ ਨੇ ਇਸ ਖਿੱਤੇ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਦੁਸ਼ਮਣ ਬਣਾ ਦਿੱਤਾ। ਪੰਦਰ੍ਹਾਂ ਅਗਸਤ ਦਾ ਦਿਨ ਆਜ਼ਾਦੀ ਦੇ ਜਸ਼ਨਾਂ ਦੇ ਸਮਾਨਅੰਤਰ ਲੱਖਾਂ ਮਜ਼ਲੂਮਾਂ ਦੀਆਂ ਮੌਤਾਂ ਦੀ ਦਰਦਨਾਕ ਦਾਸਤਾਨ ਵੀ ਯਾਦ ਕਰਵਾਉਦਾ ।ਸੰਵੇਦਹੀਣਤਾ ਦੀ ਹੱਦ ਹੈ ਕਿ ਇਨ੍ਹਾਂ ਬੇਦੋਸ਼ਿਆਂ ਦੀਆਂ ਮੌਤਾਂ ਬਾਰੇ ਭਾਰਤ ਅਤੇ ਪਾਕਿਸਤਾਨ ਦੀਆਂ ਪਾਰਲੀਮੈਂਟਾਂ ਵਿੱਚ ਬੈਠ ਕੇ ਸੱਤਾ ਦਾ ਆਨੰਦ ਮਾਣ ਰਹੇ ਆਗੂਆਂ ਨੇ ਸ਼ੋਕ ਮਤੇ ਪਾ ਕੇ ਰਸਮੀ ਦੁੱਖ ਪ੍ਰਗਟ ਕਰਨ ਦੀ ਵੀ ਜਹਿਮਤ ਨਹੀਂ ਉਠਾਈ।ਇਸ ਮੌਕੇ ਚਿੰਤਕ ਹਮੀਰ ਸਿੰਘ, ਡਾਇਰੈਕਟਰ ਜਗਦੀਸ ਸਿੰੰਘ, ਸਿੱਖ ਮਿਸ਼ਨਰੀ ਕਾਲਜ ਤੋਂ ਸੁਖਵੰਤ ਸਿੰਘ, ਡਾ. ਕੁਲਦੀਪ ਸਿੰਘ, ਪ੍ਰਭਜੀਤ ਸਿੰਘ, ਰਾਜਪਾਲ ਸਿੰਘ ਭਕਨਾ, ਸਾਬਕਾ ਸਰਪੰਚ ਜਗਦੀਸ਼ ਸਿੰਘ , ਗੁਰਮੀਤ ਸਿੰਘ ਥੂਹੀ, ਪ੍ਰੀਤਮ ਸਿੰਘ ਫਾਜਿਲਕਾ, ਚਰਨਜੀਤ ਕੌਰ ਲੁਬਾਣਾ, ਨਵਦੀਪ ਕੌਰ ਜਖੇਪਲ ਆਦਿ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply