
ਅੰਮ੍ਰਿਤਸਰ, 17 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)- ਇਤਿਹਾਸਿਕ ਖਾਲਸਾ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਸਾਲ 2016-17 ਦੀ ਸ਼ੁਰੂਆਤ ਸਬੰਧੀ ‘ਆਰਭਿੰਕ ਅਰਦਾਸ ਦਿਵਸ’ ਮਨਾਇਆ ਗਿਆ। ਜਿਸ ਲਈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਅੱਜ ਸੁੰਦਰ ਸਿੰਘ ਮਜੀਠੀਆ ਹਾਲ ਵਿੱਚ ਭਾਰੀ ਦੀਵਾਨ ਸਜਿਆ। ਜਿਸ ਵਿੱਚ ਉਚੇਚੇ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਭਾਈ ਮਾਨ ਸਿੰਘ ਨੇ ਪਹੁੰਚ ਕੇ ਗੁਰੂ ਸਾਹਿਬਾਨਾਂ ਦੁਆਰਾ ਵਿੱਦਿਆ ਦੀ ਮਹਾਨਤਾ ‘ਤੇ ਕਥਾ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਕੀਰਤਨੀਏ ਭਾਈ ਮਨਿੰਦਰ ਸਿੰਘ (ਸ੍ਰੀ ਨਗਰ ਵਾਲੇ) ਵੱਲੋਂ ਕੀਰਤਨ ਕਰਕੇ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਰੱਬੀ ਬਾਣੀ ਦਾ ਇਲਾਹੀ ਕੀਰਤਨ ਸੁਣਾਕੇ ਰੂਹਾਨੀ ਮਾਹੌਲ ਸਿਰਜਿਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜੀਵਨ ਵਿੱਚ ਗਿਆਨ ਪ੍ਰਾਪਤੀ ਲਈ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੇ ਯੁੱਗ ਵਿੱਚ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਲਈ ਵਿੱਦਿਆ ਦਾ ਗਿਆਨ ਹੋਣਾ ਅਤਿ ਜਰੂਰੀ ਹੋ ਗਿਆ ਹੈ, ਕਿਉਂਕਿ ਜਿਹੜਾ ਪੜ੍ਹਾਈ ਪੱਖੋਂ ਨਲਾਇਕ ਹੈ, ਉਸਤੋਂ ਹਰੇਕ ਟਾਲਾ ਵੱਟਣਾ ਸਮਝਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਵਿੱਦਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਨਪੜ੍ਹਤਾ ਦੇ ਖਾਤਮੇ ਲਈ ਵਿੱਦਿਆ ਦਾ ਗਿਆਨ ਵੰਡਣਾ ਜਰੂਰੀ ਹੈ ਤਾਂ ਜੋ ਸਾਡਾ ਦੇਸ਼ ਤਰੱਕੀ, ਉੱਨਤੀ ਤੇ ਖੁਸ਼ਹਾਲੀ ਵਜੋਂ ਦੁਨੀਆ ਦੇ ਨਕਸ਼ੇ ‘ਤੇ ਉੱਭਰੇ। ਉਨ੍ਹਾਂ ਇਸ ਮੌਕੇ ਸੰਸਾਰਿਕ ਵਿੱਦਿਆ ਤੋਂ ਇਲਾਵਾ ਧਾਰਮਿਕ ਤੇ ਅਧਿਆਤਿਮਕ ਵਿੱਦਿਆ ਗ੍ਰਹਿਣ ਕਰਨ ‘ਤੇ ਜ਼ੋਰ ਦਿੱਤਾ।
ਸਿੰਘ ਸਾਹਿਬ ਭਾਈ ਮਾਨ ਸਿੰਘ ਨੇ ਗੁਰਬਾਣੀ ਦੀ ਵਿਦਵਤਾ ਪੂਰਵਕ ਕਥਾ ਕੀਤੀ ਗਈ ਜਿਸ ਵਿੱਚ ਵਿਦਿਆਰਥੀ ਅਨੁਸ਼ਾਸਨ, ਵਿਦਿਆ ਦੀ ਮਹੱਤਤਾ, ਸਿੱਖੀ ਸਰੂਪ ਤੇ ਮਰਿਆਦਾ ਦੀ ਪਾਲਣਾ ਕਰਨ ਸਬੰਧੀ ਬੇਅੰਤ ਪ੍ਰਮਾਣਾਂ ਨਾਲ ਗੁਰਮਤਿ ਸਿਧਾਤਾਂ ਪ੍ਰਤੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਨੇ ਹਮੇਸ਼ਾਂ ਸਿੱਖੀ ਸਿਧਾਂਤਾਂ ਵਾਲੀ ਅਤੇ ਉੱਚ ਮਿਆਰਾਂ ਵਾਲੀ ਸਿੱਖਿਆ ਪ੍ਰਦਾਨ ਕੀਤੀ ਹੈ ਇਥੋਂ ਸਿੱਖਿਆ ਪ੍ਰਾਪਤ ਕਰਕੇ ਸਮੁੱਚੀ ਦੁਨੀਆ ਵਿੱਚ ਆਪਣੀਆਂ ਸੁਚੱਜੀਆਂ ਸੇਵਾਵਾਂ ਦੇ ਰਹੇ ਹਨ ।
ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਉੱਚ ਰਵਾਇਤਾਂ ਨੂੰ ਸਦੀਵੀ ਬਰਕਰਾਰ ਰੱਖਣ ਲਈ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਅੰਤ ਵਿੱਚ ਭਾਈ ਸੁਰਜੀਤ ਸਿੰਘ ਅਰਦਾਸੀਆ ਸਿੰਘ ਨੇ ਅਰਦਾਸ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਟੇਜ ਦੀ ਭੂਮਿਕਾ ਸ: ਇੰਦਰਜੀਤ ਸਿੰਘ ਗੋਗੋਆਣੀ ਨੇ ਬਾਖੂਬੀ ਨਿਭਾਈ। ਕਾਲਜ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਗਾਇਨ ਕਰਕੇ ਆਈ ਹੋਈ ਸੰਗਤ ਨੂੰ ਗੁਰੂ ਲੜ ਲਾਇਆ।
ਇਸ ਮੌਕੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਣ, ਮੈਂਬਰ ਅਜੀਤ ਸਿੰਘ ਬਸਰਾ, ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਡਾ. ਜੇ. ਐੱਸ. ਢਿੱਲੋਂ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ, ਡਾ. ਅਮਰਪਾਲ ਸਿੰਘ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰ: ਨਿਰਮਲ ਸਿੰਘ ਭੰਗੂ, ਓਕਾਂਰ ਨਾਥ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media