Friday, March 20, 2026

 ਚੋਣਾਂ ਦੌਰਾਨ ਪੰਜਾਬ ਵਿਰੋਧੀਆਂ ਤੇ ਹਿਤੈਸ਼ੀਆਂ ‘ਚ ਹੋਵੇਗੀ ਸਿੱਧੀ ਲੜਾਈ – ਮੁੱਖ ਮੰਤਰੀ

ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਵਿਸ਼ਾਲ ਸਿਆਸੀ ਕਾਨਫਰੰਸ

PPN1808201601

ਬਾਬਾ ਬਕਾਲਾ, 18 ਅਗਸਤ (ਕਵਲ ਜੋਧਾਨਗਰੀ, ਜੋਗਿੰਦਰ ਸਿੰਘ ਮਾਣਾ)- ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਹਿਤੈਸ਼ੀ ਤੇ ਪੰਜਾਬ ਵਿਰੋਧੀਆਂ ਤਾਕਤਾਂ ਦਰਮਿਆਨ ਸਿੱਧੀ ਲੜਾਈ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਦੋਖੀ ਤਾਕਤਾਂ ਨੂੰ ਕਰਾਰੀ ਹਾਰ ਦੇਣ ਲਈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸੂਬੇ ਦੇ ਭਵਿੱਖ ਨੂੰ ਤੈਅ ਕਰਨਗੀਆਂ ਕਿਉਂਕਿ ਇਸ ਨੂੰ ਸੂਬੇ ਦੇ ਹਿਤੈਸ਼ੀਆਂ ਅਤੇ ਦੁਸ਼ਮਣਾਂ ਵਿਚਾਲੇ ਨਿਰਣਾਇਕ ਲੜਾਈ ਵਜੋਂ ਵੇਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਹਿਤੈਸ਼ੀ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ ਵਿਚ ਆਉਂਦਾ ਹੈ ਤਾਂ ਪੰਜਾਬ ਬੇਮਿਸਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ ਪਰ ਜੇਕਰ ਆਪ ਅਤੇ ਕਾਂਗਰਸ ਦੇ ਰੂਪ ਵਿਚ ਪੰਜਾਬ ਵਿਰੋਧੀ ਤਾਕਤਾਂ ਸੱਤਾ ਵਿਚ ਆਉਂਦੀਆਂ ਹਨ ਤਾਂ ਪੰਜਾਬ ਬਰਬਾਦ ਹੋ ਜਾਵੇਗਾ।
ਕਾਂਗਰਸ ਪਾਰਟੀ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਵਧੀਕੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਕੇਂਦਰ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਮੁਆਫ਼ ਨਹੀਂ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਤੋਂ ਉਸ ਦਾ ਪਾਣੀ ਖੋਹਣ ਲਈ ਐਸ.ਵਾਈ.ਐਲ ਨਹਿਰ ਖੋਦਣ ਦੀ ਸਾਜ਼ਿਸ਼ ਰਚੀ।
ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਗਪੌੜ ਸੰਖ’ ਵਾਂਗ ਹੈ ਜੋ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਨੇ ਪਰ ਅਸਲ ਵਿਚ ਕੋਈ ਵੀ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅੱਜ ਸੱਤਾ ਦੀ ਲਾਲਸਾ ਵਿਚ ‘ਆਪ’ ਦੇ ਆਗੂ ਲੋਕਾਂ ਨੂੰ ਹੁਸੀਨ ਸੁਪਨੇ ਵਿਖਾ ਰਹੇ ਹਨ, ਪਰ ਅਸਲ ਵਿਚ ਉਹ ਇਨ੍ਹਾਂ ਵਿੱਚੋਂ ਕਿਸੇ ਇਕ ਨੂੰ ਵੀ ਪੂਰਾ ਨਹੀਂ ਕਰਨਗੇ।ਸੂਬਾ ਸਰਕਾਰ ਵੱਲੋਂ ਪੰਜਾਬ ਦੀ ਭਲਾਈ ਲਈ ਕੀਤੇ ਗਏ ਅਣਥੱਕ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੀ ਪੰਜਾਬ, ਅੱਜ ਦੇਸ਼ ਦਾ ਇਕੋ-ਇਕ ਵਾਧੂ ਬਿਜਲੀ ਵਾਲਾ ਸੂਬਾ ਹੈ।

PPN1808201602
ਆਪਣੇ ਸੰਬੋਧਨ ਵਿਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੇ ਹੱਕ ਵਿਚ ਇਕ ਵੱਡੀ ਲਹਿਰ ਚੱਲ ਰਹੀ ਹੈ ਅਤੇ ਅਕਾਲੀ ਦਲ ਦੀ ਇਸ ਸੁਨਾਮੀ ਅੱਗੇ ਕਾਂਗਰਸ ਅਤੇ ‘ਆਪ’ ਕਿਤੇ ਵੀ ਟਿਕ ਨਹੀਂ ਪਾਏਗੀ। ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਿਰਫ ਕੇਂਦਰ ਸਰਕਾਰ ਨਾਲ ਲੜਨ ਲਈ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਸੂਬੇ ਲਈ ਕੁੱਝ ਵੀ ਨਹੀਂ ਕੀਤਾ ਅਤੇ ਇਥੋਂ ਤੱਕ ਕਿ ਉਸ ਦੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੀ ਇਕ ਵੀ ਪ੍ਰਾਪਤੀ ਨੂੰ ਗਿਣਾਉਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ।
ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਛੇਤੀ ਹੀ ਸੂਬਾ ਭਰ ਵਿਚ 2000 ਮੈਡੀਕਲ ਸਟੋਰ ਖੋਲ੍ਹੇਗੀ ਜਿੱਥੋਂ ਲੋਕਾਂ ਨੂੰ ਮੁਫਤ ਦਵਾਈਆਂ ਮੁਹੱਈਆ ਹੋਣਗੀਆਂ। ਇਸੇ ਤਰ੍ਹਾਂ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਦੇ ਹਰੇਕ ਬਲਾਕ ਵਿਚ ਇਕ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਜਾਵੇਗਾ ਜੋ ਕਿ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਫ਼ਤ ਵਿਚ ਮੁਹੱਈਆ ਕਰਵਾਉਣਗੇ ਤਾਂ ਜੋ ਉਹ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਣ।ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਤੇ ਸਿੱਖ ਵਿਰੋਧੀ ਮਾਨਸਿਕਤਾ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ।ਮਾਲ ਮੰਤਰੀ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਤੋਰਨ ਲਈ ਰਿਕਾਰਡਤੋੜ ਉਪਰਾਲੇ ਕੀਤੇ ਹਨ ।
ਇਸ ਮੌਕੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਅਤੇ ਹੋਰਾਂ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ।
ਇਸ ਮੌਕੇ ਵਿਧਾਇਕ ਬੀਬੀ ਜਗੀਰ ਕੌਰ, ਸ. ਮਨਜੀਤ ਸਿੰਘ ਮੀਆਂਵਿੰਡ, ਸ. ਰਵਿੰਦਰ ਸਿੰਘ ਬ੍ਰਹਮਪੁਰਾ, ਪ੍ਰੋ. ਵਿਰਸਾ ਸਿੰਘ ਵਲਟੋਹਾ, ਸ੍ਰੀ ਦੇਸ ਰਾਜ ਧੁੱਗਾ, ਸ. ਬਲਜੀਤ ਸਿੰਘ ਜਲਾਲ ਉਸਮਾਂ ਅਤੇ ਸ. ਗੁਰਚਰਨ ਸਿੰਘ ਬੱਬੇਹਾਲੀ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਪਰਮਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਸ. ਲਖਬੀਰ ਸਿੰਘ ਲੋਧੀਨੰਗਲ, ਪੰਜਾਬ ਰਾਜ ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਸ. ਸਰਬਜੀਤ ਸਿੰਘ ਮੱਕੜ, ਰਾਜਮਹਿੰਦਰ ਸਿੰਘ ਮਜੀਠਾ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ ਗਿੱਲ, ਇਕਬਾਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਚੇਅਰਮੈਨ ਆਰ ਸੀ ਯਾਦਵ, ਲਾਲੀ ਰਣੀਕੇ, ਗਗਨਦੀਪ ਸਿੰਘ ਜੱਜ, ਭਾਈ ਮਨਜੀਤ ਸਿੰਘ, ਭਗਵੰਤ ਸਿੰਘ ਸਿਆਲਕਾ, ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਸੋਨੂੰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਡੀ.ਆਈ.ਜੀ. ਸ੍ਰੀ ਏ.ਕੇ. ਮਿੱਤਲ ਅਤੇ ਐਸ.ਐਸ.ਪੀ. ਸ੍ਰੀ ਹਰਕੰਵਲ ਸਿੰਘ ਖੱਖ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply