ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ)- ਸਿਹਤ ਤੇ ਪਰਿਵਾਰ ਵਿਭਾਗ ਪੰਜਾਬ ਪਠਾਨਕੋੋਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋੜਵੰਦ ਮਰੀਜ਼ਾਂ ਨੂੰ ਤੁਰੰਤ ਖੂਨ ਉਪਲਬੱਧ ਕਰਵਾਉਣ ਦੇ ਉਦੇਸ ਨਾਲ ਐਕਟਿਵ ਬਲੱਡ ਕੰਟਰੀਬਿਊਟਰਜ਼ (ਏ.ਬੀ.ਸੀ)-ਮਿਸ਼ਨ 10,000 ਦਾ ਟੀਚਾ ਮਿੱਥ ਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੀ ਵੈਬਸਾਇਟ ਅੱਜ ਮਿਤੀ 19 ਅਗਸਤ 2016 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਾਅਦ ਦੁਪਿਹਰ 3.00 ਵਜੇ ਲਾਂਚ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਆਪਣੇ ਸਥਾਨਿਕ ਦਫਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ.,ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਵਿਨੈ ਮੋਹਣ ਜਿਲ੍ਹਾ ਗਾਈਡੈਂਸ ਕੌਸਲਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਿਸ਼ਨ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਅੰਦਰ ਖੂਨਦਾਨੀਆਂ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਲੋੜਵੰਦ ਨੂੰ ਤੁਰੰਤ ਖੂਨਦਾਨੀ ਉਪਲਬੱਧ ਹੋ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਸਿਵਲ ਹਸਪਤਾਲ ਵਿਖੇ 100 ਖੂਨਦਾਨੀਆਂ ਦੀ ਸੂਚੀ ਹੀ ਸੀ, ਪਰ ਹੁਣ ਸਿਹਤ ਵਿਭਾਗ ਅਤੇ ਪਠਾਨਕੋਟ ਨਿਵਾਸੀਆਂ ਦੇ ਸਹਿਯੋਗ ਨਾਲ ਮੋਜੂਦਾ ਸਮੇਂ ਅੰਦਰ ਇਕ ਹਜਾਰ ਖੂਨਦਾਨੀਆਂ ਦੀ ਸੂਚੀ ਸਰਕਾਰੀ ਹਸਪਤਾਲ ਵਿੱਚ ਦਰਜ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਏ.ਬੀ.ਸੀ. (ਐਕਟਿਵ ਬਲੱਡ ਕੰਟਰੀਬਿਊਟਰਜ਼)-ਮਿਸਨ 10,000 ਨਾਮ ਦੀ ਵੈਬਸਾਈਡ ਤਿਆਰ ਕਰ ਲਈ ਗਈ ਹੈ , ਜਿਸ ਵਿੱਚ ਕਰੀਬ 10 ਹਜਾਰ ਖੂਨਦਾਨੀਆਂ ਦੀ ਸੂਚੀ ਮੋਬਾਇਲ ਨੰਬਰ ਦੇ ਨਾਲ ਦਰਜ ਕਰਨ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਡ ਦੇ ਬਣਨ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਵੈਬਸਾਈਡ ਨੂੰ ਲਾਗਆਨ ਕਰ ਕੇ ਮੋਜੂਦਾ ਬਲੱਡ ਦੀ ਹਸਪਤਾਲ ਅੰਦਰ ਸਥਿਤੀ ਦਾ ਜਾਇਜਾ ਲੈ ਸਕੇਗਾ ਅਤੇ ਇਸ ਤੋਂ ਲਾਭ ਉਠਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਡ ਵਿੱਚ ਖੂਨਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਜਾਵੇਗਾ ਅਤੇ ਹੋਰ ਵਧੇਰੀ ਜਾਣਕਾਰੀਆਂ ਵੀ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸਵੈ ਸੇਵੀ ਜੱਥੇਬੰਦੀਆਂ, ਧਾਰਮਿਕ ਜੱਥੇਬੰਦੀਆਂ, ਉੱਚੇਰੀ ਸਿੱਖਿਆ ਸੰਸਥਾਵਾਂ ਦੇ ਨੌਜਵਾਨਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਲਈ ਆਪਣਾ ਨਾਮ ਵੈਬਸਾਇਟ ਵਿੱਚ ਦਰਜ ਕਰਵਾਉਣ ਅਤੇ ਹੋਰ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media