Saturday, November 7, 2026

ਮਾਰਵਾੜੀ ਨਸਲ ਦੇ ਘੋੜੇ ਘੋੜੀਆਂ ਦੀ ਪਹਿਚਾਣ ਤੇ ਰਜਿਸਟਰੇਸ਼ਨ ਲਈ ਸਲਾਨਾ ਮੀਟਿੰਗ ਹੋਈ

PPN2108201604
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਪੱਧਰ ‘ਤੇ ਮਾਰਵਾੜੀ ਨਸਲ ਦੇ ਘੋੜੇ ਘੋੜੀਆਂ ਦੀ ਪਹਿਚਾਣ ਅਤੇ ਰਜਿਸਟਰੇਸ਼ਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਹਾਰਸ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿਚ ਪਹਿਲੀ ਵਾਰ ਇਹ ਉਪਰਾਲਾ ਸਥਾਨਕ ਸਿੱਧੂ ਮਾਡਲ ਫਾਰਮ ‘ਤੇ ਕੀਤਾ ਗਿਆ।ਇਸ ਸਲਾਨਾ ਮੀਟਿੰਗ ਵਿਚ ਸਵਾ ਸੌ ਤੋਂ ਵੱਧ ਮਾਰਵਾੜੀ ਘੋੜਾ ਪਾਲਕਾਂ ਨੇ ਹਿੱਸਾ ਲਿਆ।ਇਸ ਮੌਕੇ ਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਆਪੋ ਆਪਣੇ ਘੋੜੇ ਘੋੜੀਆਂ ਨਾਲ ਪਸ਼ੂ ਪਾਲਕਾਂ ਨੇ ਸ਼ਿਰਕਤ ਕੀਤੀ।
ਹਾਰਸ ਸੁਸਾਇਟੀ ਦੇ ਮੈਂਬਰ ਸੁਰਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਭਰ ਵਿਚ ਪਹਿਲੀ ਵਾਰ ਮਾਰਵਾੜੀ ਘੋੜਿਆਂ ਦੀ ਰਜਿਸਟਰੇਸ਼ਨ ਨਾਲ ਕਿਸਾਨ ਭਾਈਚਾਰੇ ਵੱਲੋਂ ਆਪਣੀ ਸਖ਼ਤ ਮਿਹਨਤ ਤੇ ਮੱਦੇਨਜ਼ਰ ਪਾਲੇ ਜਾ ਰਹੇ ਘੋੜੇ ਘੋੜੀਆਂ ਨੂੰ ਵੱਖਰੀ ਪਹਿਚਾਣ ਮਿਲੇਗੀ, ਭਵਿੱਖ ਵਿਚ ਘੋੜੇ ਘੋੜੀਆਂ ਦੇ ਵਪਾਰ ਵਿਚ ਹੋਣ ਵਾਲੀ ਹੇਰੀ ਫੇਰੀ ਤੇ ਧੋਖਾਧੜੀ ਨੂੰ ਠੱਲ੍ਹ ਪਵੇਗੀ।ਘੋੜਾ ਪਾਲਕਾਂ ਨੂੰ ਇਸ ਦਾ ਭਾਰੀ ਲਾਭ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਮੁਤਾਬਿਕ ਆਪਣੇ ਜਾਨਵਰ ਦਾ ਪਾਸਪੋਰਟ ਦਿੱਤਾ ਗਿਆ ਹੈ, ਜਿਸ ਵਿਚ ਘੋੜੇ ਦੀ ਨਸਲ ਤੇ ਉਸਦੇ ਪਿਛੋਕੜ ਬਾਰੇ ਸੁਭਾਅ ਅਤੇ ਬਰੀਡ ਦੀ ਮੁਕੰਮਲ ਜਾਣਕਾਰੀ ਘੋੜੇ ਦੇ ਪਾਸਪੋਰਟ ਤੇ ਅੰਕਿਤ ਕੀਤੀ ਗਈ ਹੈ। ਸੁਰਬੀਰਇੰਦਰ ਸਿੰਘੂ ਨੇ ਆਖਿਆ ਦੇਸੀ ਨਸਲ ਦੇ ਘੋੜਿਆਂ ਅੰਤਰਰਾਸ਼ਟਰੀ ਵਪਾਰ ਖੁੱਲ੍ਹਣ ਤੇ ਇਹ ਪਾਸਪੋਰਟ ਲਾਭਦਾਇਕ ਸਿੱਧ ਹੋਵੇਗਾ।
ਉਘੇ ਘੋੜਾ ਪਾਲਕ ਪਿੰਦਰ ਸਿੰਘ ਸ਼ੇਰੇਵਾਲਾ ਨੇ ਆਖਿਆ ਕਿ ਅੱਜ ਦੀ ਇਸ ਰਜਿਸਟੇਰਸ਼ਨ ਨਾਲ ਚੰਗੀ ਨਸਲ ਦੇ ਦੜਾਕ ਘੋੜਿਆਂ ਦੀ ਪਹਿਚਾਣ ਲਈ ਘੋੜਿਆਂ ਦਾ ਪਾਸਪੋਰਟ ਬਣਨ ਨਾਲ ਘੋੜੇ ਦੀ ਕੀਮਤ ਵਿਚ ਵੀ ਵਾਧਾ ਹੋਵੇਗਾ। ਘੋੜੇ ਪਾਲਣ ਵਾਲੇ ਸੌਕੀਨਾਂ ਨੂੰ ਸ਼ੌਕ ਦੇ ਨਾਲ-ਨਾਲ ਸ਼ਾਬਸੀ ਅਤੇ ਆਰਥਿਕਤਾ ਵਿਚ ਵਾਧਾ ਹੋਣਾ ਸੁਭਾਵਿਕ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਵੱਲੋਂ 115 ਘੋੜਿਆਂ ਦੇ ਪਾਸਪੋਰਟ ਬਣਾਏ ਗਏ, ਜਿਸ ਵਿਚ ਘੋੜਾ ਦਾ ਕੱਦ, ਰੰਗ, ਪੈਰਾਂ ਦੀ ਬਨਾਵਟ, ਚਮੜੀ ਦੀ ਕਿਸਮ, ਵਾਲ, ਅੱਖਾਂ, ਪੂਛ, ਦੰਦ ਆਦਿ ਵੇਰਵਾ ਦਰਜ ਕੀਤਾ ਗਿਆ।
ਹਿੰਮਤ ਸਿੰਘ ਸਿੱਧੂ ਘੋੜਾ ਪਾਲਕ ਘੋੜਾ ਪਾਲਕ ਨੇ ਕਿਹਾ ਕਿ ਇਸ ਰਜਿਸਟਰੇਸ਼ਨ ਨਾਲ ਭਾਰਤ ਦੇ ਵੱਖ-ਵੱਖ ਸੂਬਿਆ ਵਿਚ ਪੁਲਿਸ ਅਤੇ ਫੌਜ ਦੀ ਲੋੜ ਮੁਤਾਬਿਕ ਅਜਿਹੇ ਘੋੜਿਆਂ ਦਾ ਦਾਖਲੇ ਦੇ ਦਰਵਾਜੇ ਖੁੱਲ੍ਹਾ ਜਾਣਗੇ।ਹਾਰਸ ਸੁਸਾਇਟੀ ਦੇ ਮੈਂਬਰਾਂ ਵਿਚ ਇਸ ਮੀਟਿੰਗ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ, ਮਨੂ ਸ਼ਰਮਾ ਘੋੜਾ ਪਾਲਕ ਤੇ ਉਘਾ ਫੋਟੋਗ੍ਰਾਫਰ, ਲਾਲੀ ਭਿੰਡਰ ਅੰਮ੍ਰਿਤਸਰ, ਕਰਨਲ ਸਰਪ੍ਰਤਾਪ ਸਿੰਘ, ਗੁਰਦਿੱਤ ਸਿੰਘ ਔਲਖ, ਗੁਰਭਿੰਦਰ ਸਿੰਘ ਸੰਘਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਹਰਪਾਲ ਸਿੰਘ ਬਰਕੰਦੀ, ਪਰਮ ਗਿੱਲ ਛੀਨੀਵਾਲਾ ਬਰਨਾਲਾ, ਸੰਜਮ ਸਿੰਘ ਢਿੱਲੋਂ ਬਾਦਲ, ਹਰਿੰਦਰ ਸਿੰਘ ਚੰਮੇਲੀ, ਜਗਤਾਰ ਸਿੰਘ ਤੁੰਗ ਵਾਲੀ, ਜੈਦੀਪ ਸਿੰਘ ਮਧੀਰ, ਬੌਨੀ ਡਿਡਲੋਂਦ ਘੋੜਾ ਪਾਲਕ ਰਾਜਸਥਾਨ, ਹਿੰਮਤ ਸਿੰਘ ਸਿੱਧੂ, ਸਫ਼ਲ ਕਿਸਾਨ ਸ: ਗੁਰਚਰਨ ਸਿੰਘ ਸਿੱਧੂ ਆਦਿ ਨੇ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਭਵਿੱਖ ਵੀ ਅਜਿਹੀਆਂ ਰਜਿਸਟਰੇਸ਼ਨ ਕਰਵਾਉਣ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਅਹਿਦ ਲਿਆ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply