ਪੈਸਿਆਂ ਦੇ ਲੈਣ-ਦੇਣ ਕਾਰਨ ਲੁਧਿਆਣਾ ਵਾਸੀ ਨੇ ਖੁਦ ਹੀ ਰਚੀ ਬੇਅਦਬੀ ਦੀ ਸਾਜਿਸ਼
ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਨਿੱਜੀ ਮੁਫਾਦਾਂ ਦੀ ਪੂਰਤੀ ਅਤੇ ਆਪਸੀ ਰੰਜ਼ਿਸ਼ਾਂ ਕੱਢਣ ਲਈ ਕੁਝ ਸਮਾਜ ਵਿਰੋਧੀ ਅਨਸਰ ਅਜਿਹੇ ਘਿਨਾਉਣੇ ਕਾਰੇ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਮਨੁੱਖਤਾ ਵੀ ਸ਼ਰਮਸ਼ਾਰ ਹੋ ਜਾਂਦੀ ਹੈ। ਅਜਿਹੇ ਹੀ ਇੱਕ ਮਾਮਲੇ ਨੂੰ ਬਟਾਲਾ ਪੁਲਿਸ ਵੱਲੋਂ ਬੇਨਾਬ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਬਦਲਾ ਲੈਣ ਲਈ ਆਪਣੇ ਵਿਰੋਧੀ ਨੂੰ ਝੂਠੇ ਬੇਅਦਬੀ ਮਾਮਲੇ ਵਿੱਚ ਫਸਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ ਅੱਜ ਆਪਣੇ ਦਫਤਰ ਵਿੱਚ ਐੱਸ.ਪੀ. ਜਗਜੀਤ ਸਿੰਘ ਸਰੋਆ ਨਾਲ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੱਤ ਥਾਣਾ ਰੰਗੜ ਨੰਗਲ ਹਾਲ ਵਾਸੀ ਲੁਧਿਆਣਾ ਸ਼ਹਿਰ ਨੇ ਡੇਰਾ ਬਾਬਾ ਨਾਨਕ ਲਾਗੇ ਪੈਂਦੇ ਪਿੰਡ ਪਰਾਚੇ ਦੇ ਵਸਨੀਕ ਮਨਜੀਤ ਸਿੰਘ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਕੁਝ ਸਿੱਖ ਜਥੇਬੰਦੀਆਂ ਨਾਲ ਮਿਲ ਕੇ 24 ਅਗਸਤ ਰਾਤ ਨੂੰ ਪੁਲਿਸ ਚੌਂਕੀ ਮਾਲੇਵਾਲ ਵਿੱਚ ਸ਼ਿਕਾਇਤ ਦਰਜ ਕਰਾਈ ਸੀ ਕਿ ਮਨਜੀਤ ਸਿੰਘ ਗੁਟਕਾ ਸਾਹਿਬ ਦੇ ਪਾਵਨ ਅੰਗ ਪਾੜ ਕੇ ਲੋਕਾਂ ਨੂੰ ਤਵੀਤ ਕਰਕੇ ਦਿੰਦਾ ਹੈ। ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਜਦੋਂ ਇਹ ਸ਼ਿਕਾਇਤ ਪੁਲਿਸ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਮਾਮਲੇ ਦੀ ਤਹਿ ਤੱਕ ਜਾ ਕੇ ਜਾਂਚ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਨੇ ਮਨਜੀਤ ਸਿੰਘ ਕੋਲੋਂ ਪੈਸੇ ਲੈਣੇ ਸਨ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸੁਖਵਿੰਦਰ ਨੇ ਆਪੇ ਹੀ ਗੁਟਕਾ ਸਾਹਿਬ ਦੇ ਤਵੀਤ ਬਣਾ ਕੇ ਮਨਜੀਤ ਸਿੰਘ ਨੂੰ ਤਾਂਤਰਿਕ ਦੱਸਦਿਆਂ ਇਸ ਝੂਠੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।
ਐੱਸ.ਐੱਸ.ਪੀ. ਬਟਾਲਾ ਸ. ਢਿਲੋਂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ ਸਵਾ ਕੁ ਸਾਲ ਪਹਿਲਾਂ ਸੁਖਵਿੰਦਰ ਸਿੰਘ ਪਿੰਡ ਪਰਾਚੇ ਵਿਖੇ ਮਨਜੀਤ ਸਿੰਘ ਕੋਲ ਆਇਆ ਸੀ ਅਤੇ ਉਸਨੂੰ ਵਿਦੇਸ਼ ਭੇਜਣ ਲਈ ਕਹਿਣ ਲੱਗਾ। ਮਨਜੀਤ ਸਿੰਘ ਨੇ ਧਾਰੀਵਾਲ ਦੇ ਏਜੰਟ ਨਾਲ ਸੁਖਵਿੰਦਰ ਸਿੰਘ ਦਾ ਮੇਲ ਕਰਾ ਦਿੱਤਾ ਜਿਸਨੇ ਉਸਨੂੰ ਕੁਵੇਤ ਭੇਜ ਦਿੱਤਾ। ਸੁਖਵਿੰਦਰ ਸਿੰਘ ਇੱਕ ਸਾਲ ਕੁਵੈਤ ਵਿੱਚ ਕੰਮ ਕੀਤਾ ਪਰ ਕੰਮ ਵਿੱਚ ਦਿਲਚਸਪੀ ਨਾ ਹੋਣ ਕਾਰਨ ਉਹ ਉਥੋਂ ਵਾਪਸ ਆ ਗਿਆ। ਕੁਵੈਤੋਂ ਆ ਕੇ ਸੁਖਵਿੰਦਰ ਸਿੰਘ ਨੇ ਮਨਜੀਤ ਸਿੰਘ ਕੋਲੋਂ 1 ਲੱਖ 20 ਰੁਪਏ ਏਜੰਟ ਕੋਲੋਂ ਵਾਪਸ ਕਰਾਏ ਜਾਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸੁਖਵਿੰਦਰ ਸਿੰਘ ਨੇ ਮਨਜੀਤ ਸਿੰਘ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਦੇ ਪੈਸੇ ਏਜੰਟ ਕੋਲੋਂ ਵਾਪਸ ਨਾ ਕਰਾਏ ਤਾਂ ਉਹ ਉਸਨੂੰ ਝੂਠੇ ਮਾਮਲੇ ਵਿੱਚ ਫਸਾ ਦੇਵੇਗਾ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਕਿ ਲੁਧਿਆਣਾ ਵਿਖੇ ਰਹਿੰਦਾ ਹੈ ਨੇ ਆਪ ਹੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉਸਦਾ ਤਵੀਤ ਬਣਾ ਲਿਆ ਅਤੇ ਉਸ ਤਵੀਤ ਦੀ ਫੋਟੋ ਖਿੱਚ ਕੇ ਸ਼ੋਸ਼ਲ ਮੀਡੀਆ ‘ਤੇ ਵਾਈਰਲ ਕਰਕੇ ਮਨਜੀਤ ਸਿੰਘ ਦਾ ਨਾਂ ਲਗਾ ਦਿੱਤਾ। ਇਸੇ ਦੌਰਾਨ ਲੁਧਿਆਣਾ ਦੀਆਂ ਕੁਝ ਸਿੱਖ ਜਥੇਬੰਦੀਆਂ ਨੂੰ ਜਦੋਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਜੋ ਕਿ ਉਨ੍ਹਾਂ ਨੂੰ ਨਾਲ ਲੈ ਕੇ ਡੇਰਾ ਬਾਬਾ ਨਾਨਕ ਆ ਗਏ ਅਤੇ ਪੁਲਿਸ ਚੌਂਕੀ ਵਿੱਚ ਮਨਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਾ ਦਿੱਤੀ।
ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕੋਲੋਂ ਜਦੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁੱਖੀ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਖਿਲਾਫ ਮੁਕੱਦਮਾ 57 ਮਿਤੀ 25-8-2016, ਜੁਰਮ 295-ਏ ਭ:ਦ: ਥਾਣਾ ਡੇਰਾ ਬਾਬਾ ਨਾਨਕ ਵਿਖੇ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗੁਟਕਾ ਸਾਹਿਬ ਨੂੰ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਸੀ। ਬਟਾਲਾ ਪੁਲਿਸ ਨੇ ਦੋਸ਼ੀ ਕੋਲੋਂ ਉਹ ਮੋਬਾਇਲ ਵੀ ਬਰਾਮਦ ਕਰ ਲਿਆ ਹੈ ਜਿਸਤੋਂ ਬੇਅਦਬੀ ਦੀਆਂ ਫੋਟੋਆਂ ਵਾਈਰਲ ਕੀਤੀਆਂ ਗਈਆਂ ਸਨ।
ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ ਨੇ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰ ਆਪਣੇ ਨਿੱਜੀ ਮੁਫਾਦਾਂ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੱਕ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਨਾਲ ਸਮਾਜ ਦੀ ਭਾਈਚਾਰਕ ਸਾਂਝ ਨੂੰ ਖਤਰਾ ਬਣ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਮਾਮਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
Punjab Post Daily Online Newspaper & Print Media