Monday, July 6, 2026

ਨੌਜਵਾਨ ਉਦਮੀ ਕਿਸਾਨ ਵਟਸਐਪ ਸਮੂਹ ਪੰਜਾਬ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ

PPN2708201611
ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ ਆਡੀਟੋਰੀਅਮ ਵਿਖੇ ਨੌਜਵਾਨ ਉਦਮੀ ਕਿਸਾਨ ਵਟਸਐਪ ਸਮੂਹ ਪੰਜਾਬ ਵੱਲੋਂ ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਿਜੀਟਲ ਕਿਸਾਨ ਸਲਾਹ ਅਤੇ ਖੇਤੀ ਗਿਆਨ ਅਦਾਨ ਪ੍ਰਦਾਨ ਦੇ ਦੋ ਸਾਲ ਪੂਰੇ ਹੋਣ ‘ਤੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ. ਕਾਹਨ ਸਿੰਘ ਪੰਨੂ ਸਕੱਤਰ ਸਿੰਚਾਈ ਵਿਭਾਗ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਅਤੇ ਬਾਹਰੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਅਗਾਹ ਵਧੂ ਕਿਸਾਨਾਂ ਨੇ ਹਿੱਸਾ ਲਿਆ।
ਸ. ਕਾਹਨ ਸਿੰਘ ਪੰਨੂ ਸਕੱਤਰ ਸਿੰਚਾਈ ਵਿਭਾਗ ਨੇ ਪੰਜਾਬ ਅਤੇ ਗੁਆਢੀ ਸੂਬਿਆਂ ਤੋਂ ਆਏ ਅਗਾਹ ਵਧੂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੌਜੀ ਦੇ ਯੁੱਗ ਵਿੱਚ ਕਿਸਾਨਾਂ ਨੂੰ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਮੂਹਿਕ ਰੂਪ ਵਿੱਚ ਆਰਗੈਨਿਕ ਖੇਤੀ ਨੂੰ ਬੜਾਵਾ ਦੇਣਾ ਚਾਹੀਦਾ ਹੈ ਅਤੇ ਪੁਰਾਣੀਆਂ ਖੇਤੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਹੋਰ ਨਵੀਆਂ ਸੰਸਥਾਵਾਂ ਵੀ ਬਣਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਸੰਸਥਾਂਵਾਂ ਨੂੰ ਆਪਣੀਆਂ ਪੈਦਾ ਕੀਤੀਆਂ ਖੇਤੀ-ਜਿਨਸਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਖਪਤਕਾਰ ਨੂੰ ਸਿੱਧੇ ਰੂਪ ਵਿੱਚ ਵੇਚ ਕੇ ਵਧੇਰੇ ਮੁਨਾਫ਼ਾ ਕਮਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਰਗੈਨਿਕ ਖੇਤੀ ਨੂੰ ਬੜਾਵਾ ਦੇਣ ਲਈ 3000 ਕਿਸਾਨਾਂ ਨੂੰ ਆਰਗੈਨਿਕ ਖੇਤੀ ਨਾਲ ਜੋੜਿਆ ਗਿਆ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਲਾਭ ਪਹੁੰਚਿਆ। ਉਨ੍ਹਾਂ ਨੇ ਸਿੱਧੀ ਮੰਡੀ ਕਰਨ ‘ਤੇ ਜ਼ੋਰ ਦਿੰਦਿਆ ਕਿਹਾ ਕਿ ਕਿਸਾਨਾਂ ਨੂੰ ਖਪਤਕਾਰਾਂ ਨਾਲ ਸਿੱਧੇ ਰੂਪ ਵਿੱਚ ਜੋੜਣ ਲਈ ਨਵਾਂ ਬਦਲਾਵ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਆਰਗੈਨਿਕ ਤਰੀਕੇ ਨਾਲ ਪੈਦਾ ਕੀਤੀ ਕਣਕ ਤੋਂ ਤਿਆਰ ਕੀਤਾ ਆਟਾ ਮਾਰਕਫੈਡ ਵੱਲੋਂ ਖਪਤਕਾਰਾਂ ਨੂੰ ਮੁਹਈਆ ਕਰਵਾਇਆ ਜਾਵੇਗਾ। ਜਿਸ ਨਾਲ ਜਿੱਥੇ ਕਿਸਾਨ ਨੂੰ ਲਾਭ ਪਹੁੰਚੇਗਾ, ਉੱਥੇ ਖਪਤਕਾਰ ਨੂੰ ਉੱਚ ਮਿਆਰੀ ਆਟਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ ਬੰਦ ਹੋਣ ਕਿਨਾਰੇ ਪ੍ਰੋਸੈਸਿੰਗ ਪਲਾਂਟਾਂ ਦਾ ਆਧੁਨਿਕਰਨ ਕਰਕੇ ਇੰਨ੍ਹਾਂ ਪਲਾਂਟਾਂ ਵਿੱਚ ਕਿੰਨੂ, ਅਮਰੂਦ ਅਤੇ ਅੰਬਾਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਗਈ ਹੈ ਅਤੇ 5000 ਟਨ ਅੰਬਾਂ ਨੂੰ ਪ੍ਰੋਸੈਸਿੰਗ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਵਾਸਤੇ ਜ਼ਿਲ੍ਹਾ ਪਠਾਨਕੋਟ ਅੰਦਰ ਵੈਬਸਾਈਟ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦੇ ਪਹਿਲੇ ਪੜ੍ਹਾਅ ਦੌਰਾਨ ਸਬਜ਼ੀਆਂ ਅਤੇ ਫੱਲਾਂ ਦੇ ਉਦਪਾਦਕਾਂ ਦੇ ਨਾਮ ਅਤੇ ਮੋਬਾਇਲ ਨੰਬਰ ਅਪਲੋਡ ਕਰ ਦਿੱਤੇ ਗਏ ਹਨ। ਜਿਸ ਨਾਲ ਖਪਤਕਾਰ ਤੇ ਕਿਸਾਨ ਖੇਤੀ ਜਿਨਸਾਂ ਦੇ ਮੰਡੀਕਰਨ ਲਈ ਸਿੱਧੇ ਰੂਪ ਜੁੜ ਸਕਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਰਵਾਇਤੀ ਫਸਲੀ ਚੱਕਰ ਝੋਨਾ ਅਤੇ ਕਣਕ ਤੋਂ ਬਾਹਰ ਆ ਕੇ ਸਬਜ਼ੀਆਂ ਅਤੇ ਫੱਲਾਂ ਦੀ ਕਾਸ਼ਤ ਕਰਨ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਦੇ ਨਾਲ ਨਾਲ ਖੇਤੀ ਸਹਾਇਕ ਧੰਦੇ ਵੀ ਅਪਨਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਗਿਆ ਸਮਾਨ ਆਨ-ਲਾਈਨ ਵੇਚਣ ਲਈ www.makeinpunjab.org ਨਾਮ ਦੀ ਵੈਬਸਾਈਟ ਅਤੇ ਲੋੜਵੰਦਾਂ ਨੂੰ ਆਨ-ਲਾਈਨ ਬਲਡ ਦੀ ਸਹੂਲਤ ਮੁਹਈਆ ਕਰਵਾਉਣ ਲਈ activeblooddoners-mission10000 ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਘੱਟ ਤੋਂ ਘੱਟ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਕੇ ਮਿਆਰੀ ਪੈਦਾਵਾਰ ਕਰਨ ਤਾਂ ਜੋ ਉਨ੍ਹਾਂ ਨੂੰ ਘੱਟ ਖਰਚ ਕਰਕੇ ਵਧੇਰੇ ਲਾਭ ਹੋ ਸਕੇ।
ਡਾ. ਰਮਨਦੀਪ ਸਿੰਘ ਖੇਤੀ ਵਪਾਰ ਮਾਹਿਰ ਨੇ ਖੇਤੀ ਵਪਾਰ ਦੇ ਢਾਂਚੇ ਬਾਰੇ, ਸ਼੍ਰੀ ਪੁਨੀਤ ਸਿੰਘ ਥਿੰਦ ਨੇ ਕਿਸਾਨ ਉਦਪਾਦਕ ਸੰਗਠਨ ਦੀ ਮਹੱਤਤਾ, ਡਾ. ਅਮਰੀਕ ਸਿੰਘ ਖੇਤੀਬਾੜੀ ਅਫ਼ਸਰ ਨੇ ਖੇਤੀ ਦੇ ਵਿਕਾਸ ਵਿੱਚ ਸ਼ੋਸ਼ਲ ਮੀਡੀਆ ਦੇ ਅਹਿਮ ਰੋਲ ਅਤੇ ਡਾ. ਸੁਖਦੀਪ ਸਿੰਘ ਹੁੰਦਲ ਨੇ ਖੇਤੀ ਵਿਭਿੰਨਤਾ ਵਿੱਚ ਸਬਜ਼ੀਆਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨ ਕਿਸਾਨਾਂ ਨੂੰ ਜੀ ਆਇਆ ਕਿਹਾ।ਅਗਾਂਹਵਧੂ ਕਿਸਾਨ ਅਵਤਾਰ ਸਿੰਘ ਸੰਧੂ ਅਤੇ ਗੁਰਵਿੰਦਰ ਸਿੰਘ ਬਾਜਵਾ ਨੇ ਵਟਸਐਪ ਸਮੂਹ ਤੋਂ ਮਿਲੀ ਜਾਣਕਾਰੀ ਨਾਲ ਨੌਜਵਾਨ ਕਿਸਾਨੀ ਦੀ ਸੋਚ ਵਿੱਚ ਆਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ‘ਤੇ ਕਾਹਨ ਸਿੰਘ ਪਨੂੰ ਸਕੱਤਰ ਸਿੰਚਾਈ ਵਿਭਾਗ ਵੱਲੋਂ ਅਗਾਹ ਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੇ ਸਟਾਲ ਵੀ ਲਗਾਏ ਗਏ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਲਖਵਿੰਦਰ ਸਿੰਘ ਹੁੰਦਲ ਸੇਵਾ ਮੁਕਤ ਮੁੱਖ ਖੇਤੀਬਾੜੀ ਅਫ਼ਸਰ, ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ, ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਲੋਕ ਸਿੰਘ ਬਾਠ, ਸੰਦੀਪ ਸਿੰਘ ਰੰਧਾਵਾ, ਗੁਰਦਿਆਲ ਸਿੰਘ, ਵਿਜੇ ਕੁਮਾਰ ਹਨੁਮਾਨਗੜ੍ਹ, ਪਲਵਿੰਦਰ ਸਿੰਘ ਸਹਾਰੀ ਅਤੇ ਵੱਡੀ ਗਿਣਤੀ ਵਿੱਚ ਅਗਾਹ ਵਧੂ ਕਿਸਾਨ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply